Editorial

Share this Editorial
Posted on


ਗ਼ੈਰ-ਕਾਨੂੰਨੀ ਤਰੀਕੇ ਨਾਲ ਅਖੌਤੀ ਟ੍ਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਵਿਦੇਸ਼ ਜਾਣ ਦਾ ਪਰਚਲਣ ਪੰਜਾਬੀ ਨੌਜਵਾਨਾਂ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮਾਲਟਾ ਕਾਂਡ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਗੱਭਰੂਆਂ ਦੇ ਦਰਦ ਦੀ ਚੀਸ ਅਜੇ ਪੰਜਾਬ ਵਿੱਚ ਮਹਿਸੂਸ ਕੀਤੀ ਜਾ ਰਹੀ ਸੀ ਕਿ ਪਿਛਲੇ ਦਿਨੀਂ ਪਨਾਮਾ ਕਾਂਡ ਵਿੱਚ ਕਿਸ਼ਤੀ ਵਿੱਚ 20 ਹੋਰ ਪੰਜਾਬ ਦੇ ਗੱਭਰੂਆਂ ਦਾ ਡੁੱਬ ਜਾਣਾ ਪੰਜਾਬੀਆਂ ਨੂੰ ਇੱਕ ਹੋਰ ਜ਼ਖ਼ਮ ਦੇ ਗਿਆ। 15 ਜਣਿਆਂ ਦੀ ਸਮਰੱਥਾ ਵਾਲੀ ਕਿਸ਼ਤੀ ਵਿੱਚ 21 ਜਣਿਆਂ ਨੂੰ ਪੈਸੇ ਦੇ ਲਾਲਚ ਵਿੱਚ ਏਜੰਟ ਵੱਲੋਂ ਬਿਠਾ ਕੇ ਸਮੁੰਦਰ ਵਿੱਚ ਧਕੇਲ ਦੇਣਾ, ਮੌਤ ਦੇ ਖੂਹ ਵਿੱਚ ਸੁੱਟਣ ਵਾਲੀ ਹੀ ਗੱਲ ਸੀ। ਇੰਨ੍ਹਾਂ ਇੱਕੀਆਂ ਵਿੱਚੋਂ ਸਿਰਫ਼ ਇੱਕ ਨੌਜਵਾਨ ਬਚਿਆ, ਨਹੀਂ ਤਾਂ ਇੰਨਾ 21 ਜਣਿਆਂ ਦੀ ਮੌਤ ਵੀ ਇੱਕ ਰਹੱਸ ਹੀ ਬਣ ਜਾਣੀ ਸੀ ਤੇ ਸ਼ਾਇਦ ਸਾਰੀ ਉਮਰ ਮਾਪੇ ਆਪਣੇ ਨੌਜਵਾਨ ਪੁੱਤਰਾਂ ਨੂੰ ਉਡੀਕਦੇ ਰਹਿੰਦੇ। ਲੱਖਾਂ ਰੁਪਏ ਦੇ ਕੇ ਅਖੌਤੀ ਏਜੰਟਾਂ ਦੇ ਧੱਕੇ ਚੜ੍ਹ ਉੱਜਲਾ ਭਵਿੱਖ ਤਲਾਸ਼ਣ ਦੀ ਦੌੜ ਵਿੱਚ ਇਹ ਸਾਰੇ ਪੰਜਾਬੀ ਨੌਜਵਾਨ ਆਪਣੇ ਮਾਪਿਆਂ ਨੂੰ ਹਨੇਰੀ ਗੁਫ਼ਾ ਵਿੱਚ ਧਕੇਲ ਗਏ। ਪਨਾਮਾ ਕਾਂਡ ਦੀ ਅਜੇ ਜਾਂਚ ਚੱਲ ਹੀ ਰਹੀ ਸੀ ਕਿ 8 ਹੋਰ ਅਮਰੀਕਾ ਜਾਂਦੇ ਲਾਪਤਾ ਹੋਏ ਪੰਜਾਬੀ ਨੌਜਵਾਨਾਂ ਦੇ ਮਾਪਿਆਂ ਨੇ ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਆਪਣੇ ਦੁੱਖ ਫ਼ਰੋਲੇ ਤੇ ਇਹ ਅੱਠ ਨੌਜਵਾਨ ਪਿਛਲੇ 5 ਸਾਲਾਂ ਤੋਂ ਲਾਪਤਾ ਹਨ। ਮਾਪਿਆਂ ਮੁਤਾਬਕ ਉਹਨਾਂ ਨੇ ਲੱਖਾਂ ਰੁਪਏ ਦੇਕੇ ਨੌਜਵਾਨਾਂ ਨੂੰ 2010 ਵਿੱਚ ਅਮਰੀਕਾ ਲਈ ਰਵਾਨਾ ਕੀਤਾ ਸੀ ਤੇ ਕੁਝ ਸਮੇਂ ਬਾਅਦ ਤੱਕ ਮੈਕਸੀਕੋ ਤੋਂ ਨੌਜਵਾਨਾਂ ਦੇ ਫ਼ੌਨ ਮਾਪਿਆਂ ਨੂੰ ਆਉਂਦੇ ਰਹੇ, ਪਰ ਬਾਅਦ ਵਿੱਚ ਉਹ ਨੌਜਵਾਨ ਕਿੱਥੇ ਹਨ, ਉਨ੍ਹਾਂ ਨਾਲ ਕੀ ਵਾਪਰਿਆ ਇਸ ਗੱਲ ਤੋਂ ਮਾਪੇ ਪੂਰੀ ਤਰ੍ਹਾਂ ਅਣਜਾਣ ਹਨ।
ਇਸ ਤਰ੍ਹਾਂ ਦੇ ਵਾਪਰ ਰਹੇ ਕਾਂਡ ਨਾ ਤਾਂ ਇਹ ਪਹਿਲੇ ਹਨ ਤੇ ਜੋ ਪੰਜਾਬ ਦੇ ਹਾਲਾਤ ਹਨ ਨਾ ਹੀ ਇਹ ਆਖ਼ਰੀ ਲੱਗ ਰਹੇ ਹਨ। ਇਨ੍ਹਾਂ ਕਾਂਡਾਂ ਦੀ ਮੁੱਖ ਜ਼ਿੰਮੇਵਾਰ ਸਮੇਂ ਦੀ ਸਰਕਾਰ ਨੂੰ ਹੀ ਠਹਿਰਾਇਆ ਜਾ ਸਕਦਾ ਹੈ। ਕਿਉਂਕਿ ਨਾ ਤਾਂ ਅਖੌਤੀ ਟ੍ਰੈਵਲ ਏਜੰਟਾਂ ਉੱਤੇ ਕੋਈ ਠੋਸ ਕਾਨੂੰਨੀ ਸ਼ਿਕੰਜਾ ਹੋਂਦ ਵਿੱਚ ਹੈ ਅਤੇ ਨਾ ਹੀ ਸਮੇਂ ਸਿਰ ਵਿਦੇਸ਼ਾਂ ਵਿੱਚ ਫਸੇ ਨੌਜਵਾਨਾਂ ਨੂੰ ਭਾਰਤੀ ਹਾਈਕਮਿਸ਼ਨਾਂ ਵੱਲੋਂ ਸਮੇਂ ਸਿਰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਸਭ ਤੋਂ ਵੱਡਾ ਨਾ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਸ਼ਹਿਰ ਜਾਂ ਪਿੰਡ ਪੱਧਰ 'ਤੇ ਕੈਂਪ ਲਗਾਇਆ ਜਾਂਦਾ ਹੈ। ਵਿਦੇਸ਼ਾਂ ਵਿੱਚ ਸਥਾਪਿਤ ਭਾਰਤੀ ਹਾਈ-ਕਮਿਸ਼ਨਰਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਕੋਈ ਫਸਿਆ ਹੋਇਆ ਨੌਜਵਾਨ ਉਨ੍ਹਾਂ ਕੋਲ ਪਹੁੰਚ ਕਰਦਾ ਹੈ ਤਾਂ ਉਸ ਦੀ ਤੁਰੰਤ ਫ਼ਰਿਆਦ ਸੁਣੇ ਤਾਂ ਜੋ ਭਵਿੱਖ ਵਿੱਚ ਹੋਰ ਅਜਿਹੇ ਕਾਂਡਾਂ ਦੇ ਵਾਪਰਨ ਨੂੰ ਰੋਕਿਆ ਜਾਵੇ ਅਤੇ ਅਖੌਤੀ ਟ੍ਰੈਵਲ ਏਜੰਟਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦਾ ਕਾਨੂੰਨ ਹੋਂਦ ਵਿੱਚ ਆਵੇ। 
ਅਖ਼ੀਰ ਵਿੱਚ ਅਦਾਰਾ ਪ੍ਰਦੇਸ ਐਕਸਪ੍ਰੈੱਸ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਨੌਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ। 


Viewers  374

Comment

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved