ਭਾਰਤ ਸਰਕਾਰ ਦੁਆਰਾ ਸਮੇਂ-ਸਮੇਂ 'ਤੇ ਵੱਖ-ਵੱਖ ਰਾਜਾਂ ਵਿੱਚ ਹਥਿਆਰਬੰਦ ਸੰਘਰਸ਼ ਦੇ ਰਾਹ ਤੁਰੇ ਨੌਜਵਾਨਾਂ ਨੂੰ ਮੁੜ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਰਿਹਾ ਹੈ, ਪਰ ਜਦੋਂ ਸਵਾਲ ਪੰਜਾਬ ਦੇ ਸਿੱਖ ਨੌਜਵਾਨਾਂ ਦਾ ਆ ਜਾਂਦਾ ਹੈ ਤਾਂ ਇਹ ਖੁੱਲਾ ਸੱਦਾ ਪੂਰਨ ਤੌਰ 'ਤੇ ਬੰਦ ਹੋ ਜਾਂਦਾ ਹੈ। ਹੋਰ ਤਾਂ ਹੋਰ ਸਮੇਂ-ਸਮੇਂ 'ਤੇ ਕੇਂਦਰ ਸਰਕਾਰ ਦੁਆਰਾ ਆਪਣੇ ਅਤੀਤ ਨੂੰ ਭੁੱਲ ਕੇ ਸਿੱਖਾਂ ਨੂੰ ਦੇਸ਼ ਦੀ ਉੱਨਤੀ ਲਈ ਸੱਦਾ ਦਿੱਤਾ ਜਾਂਦਾ ਹੈ। ਪਰ ਪਿਛਲੇ ਦਹਾਕਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਸਮੇਂ-ਸਮੇਂ 'ਤੇ ਕੀਤੀਆਂ ਗਈਆਂ ਵਧੀਕੀਆਂ ਦੇ ਇਨਸਾਫ ਦਾ ਜਿਕਰ ਤੱਕ ਵੀ ਨਹੀਂ ਹੁੰਦਾ।
ਜਿੰਨਾ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ ਵਧ ਚੜ੍ਹਕੇ ਹਿੱਸਾ ਪਾਇਆ, ਉਨ੍ਹਾਂ ਸਿੱਖਾਂ ਨੂੰ ਕੁਝ ਕੁ ਦਹਾਕਿਆਂ ਬਾਅਦ ਹੀ 1984 ਵਿੱਚ ਬੜੀ ਹੀ ਸੋਚੀ ਸਮਝੀ ਸਾਜਿਸ਼ ਤਹਿਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਕੋਹ-ਕੋਹ ਕੇ ਕਤਲ ਕੀਤਾ ਗਿਆ ਅਤੇ ਕਾਤਲਾਂ ਨੂੰ ਅੱਜ 30 ਸਾਲ ਬਾਅਦ ਵੀ ਕੋਈ ਸਜ਼ਾ ਨਹੀਂ ਮਿਲੀ, ਸਗੋਂ ਵਜ਼ੀਰੀਆਂ ਦੇ ਕੇ ਨਿਵਾਜਿਆ ਗਿਆ।
ਪਰ ਜੇਕਰ ਤਸਵੀਰ ਦਾ ਦੂਸਰਾ ਪਹਿਲੂ ਦੇਖੀਏ ਤਾਂ ਕਿੰਨੇ ਹੀ ਸਿੱਖ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਸ਼ਲਾਖਾਂ ਦੇ ਅੰਦਰ ਕੈਦ ਹਨ ਅਤੇ ਇੰਨ੍ਹਾ ਰਾਜਸੀ ਕੈਦੀਆਂ ਲਈ ਹਾਅ ਦਾ ਨਾਅਰਾ ਮਾਰਨ ਲਈ ਕੋਈ ਰਾਜਸੀ ਪਾਰਟੀ ਅੱਗੇ ਨਹੀਂ ਆਈ ਇੱਥੋਂ ਤੱਕ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹ ਅਣ-ਗੋਲਿਆ ਕੀਤਾ ਗਿਆ ਹਾਲਾਂਕਿ ਇਨ੍ਹਾਂ ਵਿੱਚੋ ਕੁਝ ਰਾਜਸੀ ਸਿੱਖ ਕੈਦੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਲਗਾਏ ਗਏ ਮੋਰਚਿਆਂ ਕਾਰਨ ਜੇਲ੍ਹ ਵਿੱਚ ਗਏ ਸਨ।
ਸਜ਼ਾ ਭੋਗ ਚੁੱਕੇ ਸਿੱਖ ਰਾਜਸੀ ਕੈਦੀਆਂ ਦੇ ਮਸਲੇ ਨੂੰ ਜਦੋਂ ਭਾਰਤ ਅਤੇ ਰਾਜ ਸਰਕਾਰ ਦੁਆਰਾ ਅਣ-ਗੌਲਿਆ ਕੀਤਾ ਗਿਆ ਤਾਂ ਉਨ੍ਹਾਂ ਨਾਲ ਹੁੰਦੇ ਇਸ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਅੱਗੇ ਆਏ ਅਤੇ ਮੁਹਾਲੀ ਦੇ ਗੁਰੂਘਰ ਅੰਬ ਸਾਹਿਬ ਵਿਖੇ ਸਜ਼ਾ ਕੱਟ ਚੁੱਕੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਤੱਕ ਮਰਨ ਵਰਤ 'ਤੇ ਬੈਠ ਗਏ ਸ਼ੁਰੂਆਤੀ ਦੌਰ ਵਿੱਚ ਚਾਹੇ ਭਾਈ ਗੁਰਬਖਸ਼ ਸਿੰਘ ਦੀ ਇਸ ਮਹਿੰਮ ਨੂੰ ਕੋਈ ਖਾਸ ਹੁਲਾਰਾ ਨਹੀਂ ਮਿਲਿਆ। ਪਰ ਕੁਝ ਦਿਨਾਂ ਬਾਅਦ ਭਾਈ ਗੁਰਬਖਸ਼ ਸਿੰਘ ਦੇ ਹੱਕ ਵਿੱਚ ਵੱਖੋ-ਵੱਖਰੀਆਂ ਜਥੇਬੰਦੀਆਂ ਨੇ ਉਤਰਨਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਪੰਜਾਬੀ ਮਾਂ-ਬੋਲੀ ਦੇ ਸਾਰੇ ਗਾਇਕਾਂ ਗੁਰਦਾਸ ਮਾਨ, ਸਤਿੰਦਰ ਸਰਤਾਜ, ਮਨਮੋਹਣ ਵਾਰਸ, ਕਮਲਹੀਰ, ਗੁਰਪ੍ਰੀਤ ਘੁੱਗੀ ਨੇ ਆ ਕੇ ਜਿੱਥੇ ਭਾਈ ਗੁਰਬਖਸ਼ ਸਿੰਘ ਦੀ ਇਸ ਮੁਹਿੰਮ ਵਿੱਚ ਸ਼ਾਮਲ ਹੋਏ, ਉਥੇ ਸਿੱਖ ਕੈਦੀਆਂ ਦੀ ਰਿਹਾਈ ਲਈ ਹਾਅ ਦਾ ਨਾਅਰਾ ਮਾਰਿਆ। ਪੰਜਾਬ ਦੇ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਦੁਆਰਾ ਵੀ ਸਜ਼ਾ ਭੋਗ ਚੁੱਕੇ ਸਿੱਖ ਕੈਦੀਆਂ ਨੂੰ ਰਿਹਾ ਕਰਨ ਲਈ ਬਿਆਨ ਦੇਣਾ ਵੀ ਕਾਬਲੇ-ਤਾਰੀਫ ਰਿਹਾ ਪੰਜਾਬ ਪੀਪਲਜ਼ ਪਾਰਟੀ ਦੇ ਪ੍ਰਮੁੱਖ ਆਗੂ ਭਗਵੰਤ ਮਾਨ ਨੇ ਵੀ ਗੁਰੂ ਘਰ ਅੰਬ ਸਾਹਿਬ ਹਾਜ਼ਰੀ ਲਵਾਈ। ਚਾਹੇ ਕੁਝ ਦੇਰ ਨਾਲ ਹੀ ਸਹੀ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਿੱਲੀ ਗੁਰਦੁਆਰਾ ਵੱਲੋਂ ਭੇਜੀ ਪੰਜ ਮੈਂਬਰੀ ਟੀਮ ਨੇ ਇਹ ਮਸਲਾ ਹੱਲ ਕਰਵਾਉਣ ਲਈ ਸਾਰਥਿਕ ਭੂਮਿਕਾ ਨਿਭਾਈ।ਇਸ ਪੂਰੀ ਮੁਹਿੰਮ ਵਿੱਚ ਭਾਰਤੀ ਮੀਡੀਏ ਦਾ ਰੋਲ ਨਿਰਪੱਖ ਨਹੀਂ ਜਾਪ ਰਿਹਾ ਸੀ।
ਭਾਈ ਗੁਰਬਖਸ਼ ਸਿੰਘ ਖਾਲਸਾ ਦੁਆਰਾ 44 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਸਿੱਖ ਕੈਦੀਆਂ ਦੀ ਰਿਹਾਈ ਸ਼ੁਰੂ ਹੋਈ, ਚਾਹੇ ਹਾਲ ਦੀ ਘੜੀ ਪੈਰੋਲ ਤੇ ਹੀ ਹੋਈ ਹੈ, ਪਰ ਇਸ ਮਸਲੇ ਨੂੰ ਪੂਰੀ ਤਰ੍ਹਾਂ ਉਜਾਗਰ ਕਰਨ ਲਈ ਜੋ ਸੰਤਾਪ 44 ਦਿਨ ਭੁੱਖੇ ਰਹਿ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਆਪਣੇ ਪਿੰਡੇ 'ਤੇ ਹਢਾਇਆ ਉਹ ਕਾਬਲੇ ਤਰੀਫ ਹੈ।
ਅੱਜ ਸਾਰੀਆਂ ਰਾਜਸੀ ਪਾਰਟੀਆਂ ਨੂੰ ਇਸ ਮੁਹਿੰਮ ਤੇ ਰਾਜਸੀ ਰੋਟੀਆਂ ਨਾ ਸੇਕ ਕੇ ਸਗੋਂ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਇਸ ਸਮੇਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ 119 ਸਿੱਖ ਰਾਜਸੀ ਕੈਦੀ ਬੰਦ ਹਨ, ਜਿਨ੍ਹਾਂ ਵਿੱਚੋਂ ਬਹੁਤੇ ਆਪਣੀ ਉਮਰ ਦੇ ਆਖਰੀ ਪੜ੍ਹਾ ਤੇ ਪਹੁੰਚ ਚੁੱਕੇ ਹਨ।
good Article ..:=-)