Editorial

Monthly Archives: OCTOBER 2014



Share this Editorial
Posted on 17.10.14

'ਲੋਹ-ਪੁਰਸ਼' ਜਥੇਦਾਰ ਤਲਵੰਡੀ ਨੂੰ ਯਾਦ ਕਰਦਿਆਂ........                                                                                                         ਅਕਾਲੀ ਦਲ ਦਾ ਡਿੱਗਿਆ ਪੰਥਕ ਥੰਮ੍ਹ

ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਤੁਰ ਜਾਣ ਦੀ ਖ਼ਬਰ ਮਨ ਨੂੰ ਯਾਦਾਂ ਦੇ ਝਰੋਖੇ ਵਿੱਚ ਧੂਹ ਕੇ ਲੈ ਗਈ। ਮੇਰੇ ਪਿਤਾ ਸ੍ਰ. ਕਰਨੈਲ ਸਿੰਘ ਸਿੱਧੂ ਜਿਨ੍ਹਾਂ ਨੇ ਸੰਨ 1973 'ਚ ਹਲਕਾ ਲਹਿਰਾਗਾਗਾ ਤੋਂ ਬਤੌਰ ਆਜ਼ਾਦ ਉਮੀਦਵਾਰ ਐਮ.ਐਲ.ਏ. ਦੀ ਚੋਣ ਲੜਨ ਤੋਂ ਬਾਅਦ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਮਨ ਬਣਾਇਆ ਤਾਂ ਉਹਨਾਂ ਨੇ ਆਪਣਾ 'ਸਿਆਸੀ-ਗੁਰੂ' ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਹੀ ਚੁਣਿਆ ਅਤੇ ਆਪਣੇ ਆਖ਼ਰੀ ਸਾਹ ਤੱਕ ਜਥੇਦਾਰ ਤਲਵੰਡੀ ਦਾ ਸਾਥ ਨਿਭਾਇਆ। ਜਥੇਦਾਰ ਤਲਵੰਡੀ ਵੀ ਨਾਜ਼ੁਕ ਰਾਜਸੀ ਮਸਲਿਆਂ 'ਤੇ ਉਹਨਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਦੇ ਸਨ। ਉਦਾਹਰਣ ਵਜੋਂ ਸੰਨ 1993-94 ਵਿੱਚ ਜਥੇਦਾਰ ਤਲਵੰਡੀ, ਸ੍ਰ. ਸੁਰਜੀਤ ਸਿੰਘ ਬਰਨਾਲਾ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੋ ਉਸ ਸਮੇਂ ਤਿੰਨ ਵੱਖਰੇ ਅਕਾਲੀ ਦਲਾਂ ਦੇ ਰੂਪ ਵਿੱਚ ਵੰਡੇ ਹੋਏ ਸਨ ਨੂੰ ਇਕੱਠਾ ਕਰਨ ਲਈ ਜਥੇਦਾਰ ਤਲਵੰਡੀ ਨੇ ਮੇਰੇ ਪਿਤਾ ਸ੍ਰ. ਕਰਨੈਲ ਸਿੰਘ ਸਿੱਧੂ ਨੂੰ ਹੀ ਜ਼ਿੰਮੇਵਾਰੀ ਸੌਂਪੀ ਸੀ। ਸੰਨ 1994 ਵਿੱਚ ਪਿਤਾ ਦੇ ਭੋਗ 'ਤੇ ਜਥੇਦਾਰ ਟੌਹੜਾ, ਸ੍ਰ. ਬਰਨਾਲਾ ਦੀ ਮੌਜੂਦਗੀ ਵਿੱਚ ਜਥੇਦਾਰ ਤਲਵੰਡੀ ਵੱਲੋਂ ਉਕਰੇ ਸ਼ਬਦ ਅੱਜ ਵੀ ਮੇਰੇ ਜ਼ਿਹਨ ਵਿੱਚ ਹਨ, ''ਕਰਨੈਲ ਸਿਆਂ ਸਾਨੂੰ ਤਿੰਨਾਂ ਨੂੰ ਇਕੱਠਾ ਕਰਕੇ ਪਰ ਆਪ ਤੁਰ ਗਿਐਂ।'' ਸੋ ਬਚਪਨ ਤੋਂ ਹੀ ਲੋਹ-ਪੁਰਸ਼ ਦੀਆਂ ਖੂਬੀਆਂ ਨੂੰ ਬੜਾ ਨੇੜੇ ਹੋ ਕੇ ਤੱਕਣ ਦਾ ਮੌਕਾ ਮਿਲਿਆ। ਪਿਤਾ ਦੇ ਸੰਸਕਾਰ ਮੌਕੇ ਮੈਨੂੰ ਜੱਫੀ ਵਿੱਚ ਲੈ ਕੇ ਉਹਨਾਂ ਦੀਆਂ ਅੱਖਾਂ ਵਿਚੋਂ ਕਿਰਦੇ ਹੰਝੂਆਂ ਨੇ 'ਲੋਹ-ਪੁਰਸ਼' ਦੇ ਅੰਦਰ 'ਮੋਮ ਦਾ ਦਿਲ' ਹੋਣ ਦਾ ਸਬੂਤ ਵੀ ਦਿੱਤਾ। ਸਮੇਂ-ਸਮੇਂ 'ਤੇ ਇਸ ਲੋਹ-ਪੁਰਸ਼ 'ਤੇ ਕੌੜਾ ਸੁਭਾਅ ਹੋਣ ਜਾਂ ਅਫ਼ੀਮ ਦੀ ਸਮੱਗਲਿੰਗ ਵਰਗੇ ਇਲਜ਼ਾਮ ਲੱਗੇ, ਪਰ ਕੀ ਕੌੜਾ ਸੁਭਾਅ ਪੰਥ ਦੋਖੀਆਂ ਲਈ ਸੀ ਜਾਂ ਇਹ ਇਲਜ਼ਾਮ ਸਿਰਫ਼ ਸੌੜੀ ਰਾਜਨੀਤੀ ਦਾ ਨਤੀਜਾ ਸਨ ? ਇਹ ਜਾਣਨ ਲਈ ਸਾਨੂੰ ਉਹਨਾਂ ਦੇ ਜੀਵਨ 'ਤੇ ਝਾਤ ਮਾਰਨੀ ਪਵੇਗੀ।
ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਜਨਮ ਸੰਨ 1929 ਵਿੱਚ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਮੁੱਲਾਂਪੁਰ ਵਿਖੇ ਹੋਇਆ। ਉਨ੍ਹਾਂ ਨੂੰ ਪੰਥ ਪ੍ਰਸਤੀ ਦੀ ਗੁੜ੍ਹਤੀ ਪਰਿਵਾਰ 'ਚੋਂ ਹੀ ਮਿਲੀ। ਉਹਨਾਂ ਦੇ ਪਿਤਾ ਜਥੇਦਾਰ ਛਾਂਗਾ ਸਿੰਘ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਸਨ। ਜਥੇਦਾਰ ਤਲਵੰਡੀ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ। ਉਹਨਾਂ ਨੇ ਆਪਣੇ ਰਾਜਸੀ ਜੀਵਨ ਦੀ ਸ਼ੁਰੂਆਤ ਸੰਨ 1952 ਵਿੱਚ ਰਾਏਕੋਟ ਲਾਗੇ ਪਿੰਡ ਤਲਵੰਡੀ ਰਾਏ ਦੇ ਸਰਪੰਚ ਚੁਣੇ ਜਾਣ ਤੋਂ ਕੀਤੀ। ਸਰਪੰਚੀ ਦੀ ਚੋਣ ਤੋਂ ਬਾਅਦ ਉਹਨਾਂ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ, 1960 ਵਿੱਚ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਹਲਕਾ ਰਾਏਕੋਟ ਤੋਂ ਹੀ 1969 ਵਿੱਚ ਉਸ ਸਮੇਂ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਵਿਧਾਇਕ ਚੁਣੇ ਗਏ। 1971 ਵਿੱਚ ਉਹ ਫਿਰ ਵਿਧਾਇਕ ਚੁਣੇ ਗਏ ਅਤੇ ਨਾਲ ਹੀ ਜੇਲ੍ਹਾਂ, ਖੇਡਾਂ, ਟ੍ਰਾਂਸਪੋਰਟ ਵਿਭਾਗ ਦੇ ਮੰਤਰੀ ਵੀ ਰਹੇ। 1977 ਵਿੱਚ ਲੋਕ ਸਭਾ ਚੋਣਾਂ ਦੌਰਾਨ ਹਲਕਾ ਲੁਧਿਆਣਾ ਤੋਂ ਬਤੌਰ ਲੋਕ ਸਭਾ ਮੈਂਬਰ ਚੁਣੇ ਗਏ। 1980 ਵਿੱਚ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ। ਉਹਨਾਂ ਦੀ ਅਗਵਾਈ ਵਿੱਚ ਹੀ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਉਹਨਾਂ ਨੇ ਲੰਮਾ ਮੋਰਚਾ ਲਗਾਇਆ ਅਤੇ ਕਈ ਵਾਰ ਗ੍ਰਿਫਤਾਰੀਆਂ ਦਿੱਤੀਆਂ। ਉਹਨਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸੰਨ 2000 ਵਿੱਚ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ।
ਜੇਕਰ ਉਪਰੋਕਤ ਲੋਹ-ਪੁਰਸ਼ ਦੀ ਜੀਵਨੀ ਨੂੰ ਗਹੁ ਨਾਲ ਤੱਕੀਏ ਤਾਂ ਅਜਿਹਾ ਸ਼ਖ਼ਸ਼, ਜੋ ਜ਼ਿੰਦਗੀ ਵਿੱਚ ਕੋਈ ਵੀ ਚੋਣ ਨਾ ਹਾਰਿਆ ਹੋਵੇ ਇਹ ਸਾਬਤ ਕਰਦਾ ਹੈ ਕਿ ਉਸਦੇ ਕੌੜੇ ਸ਼ਬਦ ਸਿਰਫ਼ ਪੰਥ ਦੋਖੀਆਂ ਲਈ ਹੀ ਸਨ। ਰਹੀ ਗੱਲ ਪੈਸੇ ਇਕੱਠੇ ਕਰਨ ਦੀ ਤਾਂ ਕਈ ਉਦਾਹਰਣਾ ਮੌਜੂਦ ਹਨ, ਜੋ ਇਹ ਸਾਬਤ ਕਰਦੀਆਂ ਹਨ ਕਿ ਜਥੇਦਾਰ ਤਲਵੰਡੀ ਨੇ ਕਦੇ ਵੀ ਪੈਸੇ ਨੂੰ ਤਰਜ਼ੀਹ ਨਹੀਂ ਦਿੱਤੀ। ਉਦਾਹਰਣ ਵਜੋਂ ਸੰਨ 1978 ਵਿੱਚ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਉਹਨਾਂ ਦੀ ਲੜਕੀ ਦੇ ਵਿਆਹ ਮੌਕੇ ਹੋਏ ਹਜ਼ਾਰਾ ਦੇ ਇਕੱਠ ਨੂੰ ਉਹਨਾਂ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਸੀ ਕਿ ਕੋਈ ਵੀ ਸ਼ਗਨ ਨਾ ਪਾਵੇ। ਜਦਕਿ ਲੱਖਾਂ ਰੁਪਇਆ ਬਤੌਰ ਸ਼ਗਨ ਇਕੱਠਾ ਹੋ ਸਕਦਾ ਸੀ। ਅਜਿਹੇ ਪੰਥਕ ਆਗੂਆਂ ਦਾ ਅਕਾਲੀ ਦਲ ਵਿੱਚੋਂ ਤੁਰ ਜਾਣਾ ਪੰਥਕ ਮਰਿਯਾਦਾਵਾਂ ਅਤੇ ਪੰਥਕ ਭਾਵਨਾਵਾਂ ਨੂੰ ਧੁੰਦਲਾ ਕਰਦਾ ਹੈ। ਹੁਣ ਸ਼ਾਇਦ ਹੀ ਕਦੇ ਉਹ ਸਮਾਂ ਆਵੇ ਕਿ ਤਿੰਨ ਫੁੱਟੀ ਕ੍ਰਿਪਾਨ ਵਾਲੇ ਪੰਥ-ਪ੍ਰਸਤ ਜੁਝਾਰੂ ਜਥੇਦਾਰ ਵਿਚਰਦੇ ਨਜ਼ਰ ਆਉਣ। ਸੋ ਅਖ਼ੀਰ ਵਿੱਚ ਅਦਾਰਾ ਪ੍ਰਦੇਸ ਐਕਸਪ੍ਰੈਸ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ।


Viewers  351

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved