Editorial

Monthly Archives: DECEMBER 2014



Share this Editorial
Posted on 21.12.14


ਭਾਰਤ ਸਰਕਾਰ ਦੁਆਰਾ ਸਮੇਂ-ਸਮੇਂ 'ਤੇ ਵੱਖ-ਵੱਖ ਰਾਜਾਂ ਵਿੱਚ ਹਥਿਆਰਬੰਦ ਸੰਘਰਸ਼ ਦੇ ਰਾਹ ਤੁਰੇ  ਨੌਜਵਾਨਾਂ ਨੂੰ ਮੁੜ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਰਿਹਾ ਹੈ, ਪਰ ਜਦੋਂ ਸਵਾਲ ਪੰਜਾਬ ਦੇ ਸਿੱਖ ਨੌਜਵਾਨਾਂ ਦਾ ਆ ਜਾਂਦਾ ਹੈ ਤਾਂ ਇਹ ਖੁੱਲਾ ਸੱਦਾ ਪੂਰਨ ਤੌਰ 'ਤੇ ਬੰਦ ਹੋ ਜਾਂਦਾ ਹੈ। ਹੋਰ ਤਾਂ ਹੋਰ ਸਮੇਂ-ਸਮੇਂ 'ਤੇ ਕੇਂਦਰ ਸਰਕਾਰ ਦੁਆਰਾ ਆਪਣੇ ਅਤੀਤ ਨੂੰ ਭੁੱਲ ਕੇ ਸਿੱਖਾਂ ਨੂੰ ਦੇਸ਼ ਦੀ ਉੱਨਤੀ ਲਈ ਸੱਦਾ ਦਿੱਤਾ ਜਾਂਦਾ ਹੈ। ਪਰ ਪਿਛਲੇ ਦਹਾਕਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਸਮੇਂ-ਸਮੇਂ 'ਤੇ ਕੀਤੀਆਂ ਗਈਆਂ ਵਧੀਕੀਆਂ ਦੇ ਇਨਸਾਫ ਦਾ ਜ਼ਿਕਰ ਤੱਕ ਵੀ ਨਹੀਂ ਹੁੰਦਾ।
ਜਿੰਨਾ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ ਵਧ ਚੜ੍ਹਕੇ ਹਿੱਸਾ ਪਾਇਆ, ਉਨ੍ਹਾਂ ਸਿੱਖਾਂ ਨੂੰ ਕੁਝ ਕੁ ਦਹਾਕਿਆਂ ਬਾਅਦ ਹੀ 1984 ਵਿੱਚ ਬੜੀ ਹੀ ਸੋਚੀ ਸਮਝੀ ਸਾਜਿਸ਼ ਤਹਿਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਕੋਹ-ਕੋਹ ਕੇ ਕਤਲ ਕੀਤਾ ਗਿਆ ਅਤੇ ਕਾਤਲਾਂ ਨੂੰ ਅੱਜ 30 ਸਾਲ ਬਾਅਦ ਵੀ ਕੋਈ ਸਜ਼ਾ ਨਹੀਂ ਮਿਲੀ, ਸਗੋਂ ਵਜ਼ੀਰੀਆਂ ਦੇ ਕੇ ਨਿਵਾਜਿਆ ਗਿਆ। 
ਪਰ ਜੇਕਰ ਤਸਵੀਰ ਦਾ ਦੂਸਰਾ ਪਹਿਲੂ ਦੇਖੀਏ ਤਾਂ ਕਿੰਨੇ ਹੀ ਸਿੱਖ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਸ਼ਲਾਖਾਂ ਦੇ ਅੰਦਰ ਕੈਦ ਹਨ ਅਤੇ ਇੰਨ੍ਹਾ ਰਾਜਸੀ ਕੈਦੀਆਂ ਲਈ ਹਾਅ ਦਾ ਨਾਅਰਾ ਮਾਰਨ ਲਈ ਕੋਈ ਰਾਜਸੀ ਪਾਰਟੀ ਅੱਗੇ ਨਹੀਂ ਆਈ ਇੱਥੋਂ ਤੱਕ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹ ਅਣ-ਗੋਲਿਆ ਕੀਤਾ ਗਿਆ ਹਾਲਾਂਕਿ ਇਨ੍ਹਾਂ ਵਿੱਚੋ ਕੁਝ ਰਾਜਸੀ ਸਿੱਖ ਕੈਦੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਲਗਾਏ ਗਏ ਮੋਰਚਿਆਂ ਕਾਰਨ ਜੇਲ੍ਹ ਵਿੱਚ ਗਏ ਸਨ। 
ਸਜ਼ਾ ਭੋਗ ਚੁੱਕੇ ਸਿੱਖ ਰਾਜਸੀ ਕੈਦੀਆਂ ਦੇ ਮਸਲੇ ਨੂੰ ਜਦੋਂ ਭਾਰਤ ਅਤੇ ਰਾਜ ਸਰਕਾਰ ਦੁਆਰਾ ਅਣ-ਗੌਲਿਆ ਕੀਤਾ ਗਿਆ ਤਾਂ ਉਨ੍ਹਾਂ ਨਾਲ ਹੁੰਦੇ ਇਸ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਪਿਛਲੇ ਸਾਲ 14 ਨਵੰਬਰ ਨੂੰ ਮੁਹਾਲੀ ਦੇ ਗੁਰੂਘਰ ਅੰਬ ਸਾਹਿਬ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। 44 ਦਿਨਾਂ ਬਾਅਦ ਇਹ ਭੁੱਖ ਹੜਤਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਭਰੋਸੇ ਨਾਲ ਖ਼ਤਮ ਹੋ ਗਈ ਸੀ। ਉਸ ਤੋਂ ਬਾਅਦ 4 ਕੈਦੀਆਂ ਨੂੰ ਪੰਜਾਬ ਸਰਕਾਰ ਨੇ ਪੈਰੋਲ ਉੱਪਰ ਰਿਹਾਈ ਤਾਂ ਦਿੱਤੀ ਪਰ ਕਿਸੇ ਵੀ ਕੈਦੀ ਦੀ ਮੁਕੰਮਲ ਤੌਰ 'ਤੇ ਰਿਹਾਈ ਨਹੀਂ ਕੀਤੀ ਗਈ। ਵਾਅਦਾ ਪੂਰਾ ਨਾ ਹੁੰਦਾ ਵੇਖ ਭਾਈ ਗੁਰਬਖਸ਼ ਸਿੰਘ ਨੇ ਪੰਜਾਬ ਅੰਦਰ ਕਿਸੇ ਵੀ ਥਾਂ ਭੁੱਖ ਹੜਤਾਲ 'ਤੇ ਬੈਠਣ ਦੀ ਮਨਾਹੀ ਤੋਂ ਬਾਅਦ ਮੁੜ 14 ਨਵੰਬਰ, 2014 ਤੋਂ ਗੁਰਦੁਆਰਾ 10ਵੀਂ ਪਾਤਸ਼ਾਹੀ ਲਖਨੌਰ (ਅੰਬਾਲਾ, ਹਰਿਆਣਾ) ਵਿਖੇ ਸਜ਼ਾ ਕੱਟ ਚੁੱਕੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਤੱਕ ਭੁੱਖ ਹੜਤਾਲ ਆਰੰਭ ਕੀਤੀ ਹੋਈ ਹੈ। ਜੋ ਸੰਤਾਪ ਗੁਰਬਖਸ਼ ਸਿੰਘ ਖਾਲਸਾ ਸਿੱਖ ਕੈਦੀਆਂ ਦੀ ਰਿਹਾਈ ਲਈ ਆਪਣੇ ਪਿੰਡੇ 'ਤੇ ਹੰਢਾ ਰਹੇ ਹਨ, ਉਹ ਕਾਬਲੇ ਤਾਰੀਫ਼ ਹੈ। ਉਹਨਾਂ ਦੀ ਇਸ ਮੁਹਿੰਮ ਨੂੰ ਭਾਰਤੀ ਮੀਡੀਆ ਦੁਆਰਾ ਅਣ-ਗੌਲਿਆ ਕੀਤਾ ਜਾ ਰਿਹਾ ਹੈ, ਪਰ ਕੁੰਭ-ਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਲਈ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਇਸ ਮੁਹਿੰਮ ਨੂੰ ਹੁਲਾਰਾ ਦੇਣ ਲਈ ਆਸਟ੍ਰੇਲੀਆ ਵਸਦੇ ਸਿੱਖਾਂ ਨੇ ਇੱਥੋਂ ਦੇ (ਆਸਟ੍ਰੇਲੀਆ ਦੇ) ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਲੜੀਵਾਰ ਭੁੱਖ ਹੜਤਾਲਾਂ ਆਰੰਭ ਕਰ ਦਿੱਤੀਆਂ ਹਨ।  
ਅੱਜ ਸਾਰੀਆਂ ਰਾਜਸੀ ਪਾਰਟੀਆਂ ਨੂੰ ਇਸ ਮੁਹਿੰਮ ਤੇ ਰਾਜਸੀ ਰੋਟੀਆਂ ਨਾ ਸੇਕ ਕੇ ਸਗੋਂ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਹਨ, ਕਿਉਂਕਿ ਇਸ ਸਮੇਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ 119 ਸਿੱਖ ਰਾਜਸੀ ਕੈਦੀ ਬੰਦ ਹਨ, ਜਿਨ੍ਹਾਂ ਵਿੱਚੋਂ ਬਹੁਤੇ ਆਪਣੀ ਉਮਰ ਦੇ ਆਖਰੀ ਪੜ੍ਹਾ ਤੇ ਪਹੁੰਚ ਚੁੱਕੇ ਹਨ। 


Viewers  701

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved