Editorial

Monthly Archives: MARCH 2014



Share this Editorial
Posted on 14.03.14


ਕੁਝ ਕੁ ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਇੱਕ ਗੁਰੂਘਰ ਦੇ ਪ੍ਰਬੰਧਕ ਕਮੇਟੀ ਦੇ ਦੋ ਧੜਿਆਂ ਦੀ ਗੁਰੂ ਮਹਾਰਾਜ ਸਾਹਿਬ ਦੀ ਹਜ਼ੂਰੀ ਵਿੱਚ ਗੁੱਥਮ-ਗੁੱਥਾ ਹੁੰਦਿਆਂ ਦੀ ਫੋਟੋ ਅਤੇ ਖਬਰ ਕਿਸੇ ਸੱਜਣ ਨੇ ਪ੍ਰਦੇਸ ਐਕਸਪ੍ਰੈਸ ਵਿੱਚ ਪ੍ਰਕਾਸ਼ਤ ਕਰਨ ਲਈ ਈਮੇਲ ਕੀਤੀ, ਪਰ ਮੈਂ ਚਾਹੁੰਦਿਆਂ ਹੋਇਆ ਵੀ ਉਸ ਖਬਰ ਨੂੰ ਪ੍ਰਕਾਸ਼ਿਤ ਕਰਨਾ ਠੀਕ ਨਾ ਸਮਝਿਆ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ''ਆਪਣਾ ਚੁੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ'' ਅਜਿਹੀਆਂ ਖਬਰਾਂ ਅਚਨਚੇਤ ਸੰਗਤ ਦੇ ਮਨਾਂ ਵਿੱਚ ਵਸਦੀ ਸ਼ਰਧਾ ਭਾਵਨਾ ਨੂੰ ਠੇਸ ਪਹੁੰਚਾਉਂਦੀਆਂ ਹਨ।
ਪਰ ਫਿਰ ਪਿਛਲੇ ਮਹੀਨੇ ਸਿਡਨੀ ਦੇ ਗੁਰੂ ਘਰ ਗਲੈਨਵੁੱਡ ਵਿਖੇ ਪ੍ਰਬੰਧਕ ਕਮੇਟੀ ਅਤੇ ਵਿਰੋਧੀ ਧਿਰ ਦੀ ਹੋਈ ਆਪਸੀ ਬਹਿਸਬਾਜ਼ੀ ਨੇ ਆਸਟ੍ਰੇਲੀਅਨ ਪੁਲਿਸ ਨੂੰ ਬੂਟਾਂ ਅਤੇ ਵਰਦੀਆਂ ਸਮੇਤ ਗੁਰੂ ਘਰ ਦੀ ਹਦੂਦ ਅੰਦਰ ਦਾਖਲ ਹੋਣ ਲਈ ਮਜ਼ਬੂਰ ਕੀਤਾ। ਇਸ ਘਟਨਾ ਨੇ ਇੱਕ ਵਾਰ ਫਿਰ ਸਿੱਖ ਸੰਗਤ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਜੇਕਰ ਅੱਜ ਵੀ ਇਹ ਸਤਰਾਂ ਵਰਕੇ 'ਤੇ ਨਾ ਉਤਰਦੀਆਂ ਤਾਂ ਮੇਰੇ ਮਨ ਵਿੱਚ ਇੱਕ ਅਜੀਬ ਖਿਚੋਤਾਣੀ ਬਣੀ ਰਹਿਣੀ ਸੀ ਕਿ ਅਜਿਹੀਆਂ ਘਟਨਾਵਾਂ ਨੂੰ ਅਸੀਂ ਸਿਰਫ ਮੰਦਭਾਗਾ ਕਹਿ ਕੇ ਟਾਲ ਦਿੰਦੇ ਹਾਂ, ਪਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਭਵਿੱਖ ਵਿੱਚ ਰੋਕਣ ਲਈ ਕੋਈ ਠੋਸ ਉਪਰਾਲਾ ਜਾਂ ਕੋਈ ਸਕਾਰਤਮਕ ਯਤਨ ਨਹੀਂ ਕਰਦੇ।
ਜੇਕਰ ਉਪਰੋਕਤ ਘਟਨਾਵਾਂ ਨੂੰ ਅਸੀਂ ਗਹੁ ਨਾਲ ਵਾਚੀਏ ਤਾਂ ਦਿਲ ਦੇ ਵਲਵਲਿਆਂ ਵਿਚੋਂ ਕਈ ਪ੍ਰਸ਼ਨ ਆਮ ਮੁਹਾਰੇ ਜਨਮ ਲੈ ਲੈਂਦੇ ਹਨ। ਜਿਵੇਂ :-
ਕਿ ਲੰਗਰ ਹਾਲ ਵਿੱਚ ਖੇਡ ਰਹੇ ਬੱਚਿਆਂ ਜਾਂ ਲੰਗਰ ਛੱਕ ਰਹੀ ਸੰਗਤ ਦੇ ਦਿਲਾਂ ਉੱਤੇ ਅਚਨਚੇਤ ਪੁਲਿਸ ਆਉਣ ਨਾਲ ਜੋ ਸਹਿਮ ਦੀ ਛਾਪ ਪਈ ਹੋਵਗੀ ਜਾਂ ਉਹਨਾਂ ਦੇ ਦਿਲਾਂ ਵਿੱਚ ਜੋ ਸਵਾਲ ਉਕਰੇ ਹੋਣਗੇ ? ਉਹਨਾਂ ਸਵਾਲਾਂ ਦਾ ਜਵਾਬ ਸਾਡੇ ਕੋਲ ਸਿਰਫ ਟਾਲ-ਮਟੋਲ ਹੀ ਹੈ।
ਕਿ ਕਿਤੇ ਅਸੀਂ ਸਿੱਖੀ ਸਿਧਾਂਤਾਂ 'ਤੇ ਪੈਹਰਾ ਦੇਣ ਦੀ ਆੜ ਵਿੱਚ ਫੋਕੀ ਚੌਧਰ ਲਈ ਅਸੀਂ ਸਿੱਖੀ ਸਿਧਾਂਤਾਂ ਦਾ ਘਾਣ ਤਾਂ ਨਹੀਂ ਕਰ ਰਹੇ ?
ਕਿ ਅਸੀਂ ਆਪਣੀ ਪੁੰਗਰ ਰਹੀ ਪਨੀਰੀ ਲਈ ਤਿਆਗ ਤੇ ਬਲਿਦਾਨ ਦੀ ਭਾਵਨਾਂ ਦੀ ਜਗ੍ਹਾਂ ਅਹੁਦਿਆਂ ਦੀ ਭੁੱਖ ਵਿੱਚ ਲਾਲਚ ਅਤੇ ਕਰੋਧ ਦੀ ਗੁੜਤੀ ਤਾਂ ਨਹੀਂ ਦਿੰਦੇ ਜਾ ਰਹੇ ?
ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਭਾਈ ਲਾਲੋ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਥਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਿਚ ਅਹੁਦਿਆਂ ਦੀ ਦੌੜ ਲਈਂ ਮਲਿਕ ਭਾਗੋ ਤਾਂ ਨਹੀਂ ਬਣਦੇ ਜਾ ਰਹੇ ?
ਕਿ ਅਸੀਂ ਵਿਦੇਸ਼ਾਂ ਵਿੱਚ ਆ ਕੇ ਜਿੱਥੇ ਗੁਰੂ ਘਰਾਂ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਦੀਆਂ ਉਸਾਰੀਆਂ ਕਰ ਲਈਆਂ ਉੱਥੇ ਦਿਲਾਂ ਦੇ ਦਰਵਾਜ਼ੇ ਬਹੁਤ ਛੋਟੇ ਤਾਂ ਨਹੀਂ ਕਰ ਲਏ ?

ਇਤਿਹਾਸ ਗਵਾਹ ਹੈ ਕਿ ਭਾਰਤ ਦੀ ਆਬਾਦੀ ਦਾ ਪੰਜ ਫੀਸਦੀ ਭਾਗ ਹੁੰਦੇ ਹੋਏ ਵੀ ਭਾਰਤ ਦੀ ਆਜ਼ਾਦੀ ਲਈ 95 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਅੱਜ ਆਪਣੇ ਹੀ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਚੋਣ ਕਰਾਉਣ ਲਈ ਬਾਹਰੋਂ ਗੋਲਕ ਦੀ ਮਾਇਆ ਖਰਚ ਕੇ ਸਕਿਊਰਟੀ ਗਾਰਡ ਮੰਗਵਾਉਂਦੀ ਹੈ। ਇਕ ਸਮਾਂ ਉਹ ਵੀ ਸੀ ਜਦੋਂ ਸਿੱਖ ਦੀ ਗਵਾਹੀ ਨੂੰ ਸਭ ਤੋਂ ਵੱਡੀ ਸੱਚਾਈ ਦੀ ਕਸਵੱਟੀ ਮੰਨਿਆ ਜਾਂਦਾ ਸੀ ਅਤੇ ਸਿੱਖਾਂ ਦੇ ਇਸ ਜਾਹੋ-ਜਲਾਲ ਨੂੰ ਦੇਖਦੇ ਹੋਏ ਲਾਰਡ ਮੈਕਾਲਫ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਿਆ ਸੀ। ਸੋ ਜੇਕਰ ਆਪਣੇ ਗੌਰਵਮਈ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਇਸ ਮੁੱਦੇ 'ਤੇ ਤਾਂ ਹਮੇਸ਼ਾਂ ਸਰਬ-ਸੰਮਤੀ ਹੋਣੀ ਚਾਹੀਦੀ ਹੈ।
ਗਲੈਨਵੁੱਡ ਗੁਰੂ ਘਰ ਪ੍ਰਬੰਧਕ ਕਮੇਟੀ ਦੇ ਦੋਵਾਂ ਧੜਿਆਂ ਨੂੰ ਪ੍ਰਦੇਸ ਐਕਸਪ੍ਰੈਸ ਵੱਲੋਂ ਪੂਰਜ਼ੋਰ ਸ਼ਬਦਾਂ ਨਾਲ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਚੋਣਾਂ, ਪਰੌਕਸੀਆਂ ਜਾਂ ਕੰਪਨੀ ਬਣਾਉਣ ਵਰਗੇ ਨਾਜ਼ਕ ਮੁੱਦੇ ਬਣਦੇ ਰਹੇ ਹਨ ਤੇ ਭਵਿੱਖ ਵਿੱਚ ਵੀ ਮੁੱਦਾ ਬਣਦੇ ਰਹਿਣਗੇ, ਪਰ ਇਨ੍ਹਾਂ ਦਾ ਹੱਲ ਬਹਿਸਬਾਜ਼ੀ ਦੀ ਥਾਂ ਭਰਾਤਰੀ ਭਾਵ ਨਾਲ ਕੀਤਾ ਜਾਣਾ ਚਾਹੀਦਾ ਹੈ। ਦੋਨਾਂ ਧੜਿਆਂ ਦੇ ਆਗੂ ਬੜੇ ਸੂਝਵਾਨ ਹਨ, ਉਨ੍ਹਾਂ ਨੂੰ ਪ੍ਰਦੇਸ ਐਕਸਪ੍ਰੈਸ ਵੱਲੋਂ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਾਕੀ ਮੁੱਦਿਆਂ ਦੇ ਨਾਲ-ਨਾਲ ਚੋਣਾਂ ਦੀ ਥਾਂ ਸਰਬ-ਸੰਮਤੀ ਨਾਲ ਪ੍ਰਬੰਧਕ ਕਮੇਟੀ ਚੁਣਨ ਦੀ ਰੀਤ ਤੋਰਨ ਦੀ ਪਹਿਲ ਕਰਨ। ਜੇਕਰ ਚੋਣਾਂ ਦੀ ਨੌਬਤ ਆਉਂਦੀ ਵੀ ਹੈ ਤਾਂ ਚੋਣਾਂ ਨੂੰ ਤੰਬੂ ਲਾ ਕੇ ਸਰਪੰਚੀ ਦੀ ਚੋਣ ਵਾਂਗ ਨਾ ਲੜਿਆ ਜਾਵੇ ਅਤੇ ਨਾ ਹੀ ਵੋਟਰਾਂ ਨੂੰ ਉਮੀਦਵਾਰਾਂ ਜਾਂ ਉਹਨਾਂ ਦੇ ਸਮੱਰਥਕਾਂ ਦੁਆਰਾ ਵੋਟ ਬਕਸਿਆਂ ਤੱਕ ਪਰਚੀਆਂ ਦੇ ਕੇ ਧੁਨਿਆ ਜਾਵੇ ਤੇ ਨਾ ਹੀ ਗੋਲਕ ਦੀ ਮਾਇਆ ਨੂੰ ਸਕਿਊਰਟੀਗਾਰਡਾਂ 'ਤੇ ਅਜ਼ਾਈਂ ਖਰਚਿਆ ਜਾਵੇ।
ਵਾਹਿਗੁਰੂ ਮੇਹਰ ਕਰੇ


Viewers  319

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved