Editorial

Monthly Archives: MARCH 2017Share this Editorial
Posted on 13.03.17

ਪੰਜਾਬ ਵਿਧਾਨ ਸਭਾ ਚੋਣਾਂ ਦੇ ਕੁਝ ਖ਼ਾਸ ਪਹਿਲੂਆਂ 'ਤੇ ਝਾਤ......

ਪੰਜਾਬੀਆਂ ਨੇ ਕੈਪਟਨ 'ਤੇ ਪ੍ਰਗਟਾਇਆ ਭਰੋਸਾ, ਡੇਰਾਵਾਦ ਨੂੰ ਨਕਾਰਿਆ
ਪੰਜਾਬ ਵਿਧਾਨ ਸਭਾ ਚੋਣਾਂ 'ਚ ਸੱਤਾ ਵਿਰੋਧੀ ਲਹਿਰ ਨੇ ਆਪਣਾ ਰੰਗ ਦਿਖਾਇਆ ਹੈ। ਕਾਂਗਰਸ ਨੇ ਅਕਾਲੀ-ਭਾਜਪਾ ਗਠਜੋੜ ਤੋਂ ਸੱਤਾ ਖੋਹ ਲਈ ਹੈ, ਜਿਸ ਦਾ ਤਾਜ ਯਕੀਨੀ ਤੌਰ 'ਤੇ ਕੈਪਟਨ ਦੇ ਸਿਰ ਸਜੇਗਾ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਸਾਰੇ ਕਿਆਸ ਲਾਂਭੇ ਕਰਦਿਆਂ 77 ਸੀਟਾਂ 'ਤੇ ਕਬਜ਼ਾ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਜਦ ਕਿ ਪਿਛਲੇ ਦਸ ਸਾਲਾਂ ਤੋਂ ਸੱਤਾ 'ਚ ਰਹੇ ਅਕਾਲੀ-ਭਾਜਪਾ ਗਠਜੋੜ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਸ ਦੀਆਂ ਸੀਟਾਂ ਦੀ ਗਿਣਤੀ 18 (15 ਅਕਾਲੀ, 3 ਭਾਜਪਾ) ਹੀ ਰਹਿ ਗਈ। ਪੰਜਾਬ ਅਸੈਂਬਲੀ ਦੀਆਂ ਕੁੱਲ 117 ਸੀਟਾਂ 'ਚੋਂ, ਜਿੱਤ ਦੇ ਵੱਡੇ ਦਾਅਵੇ ਕਰਨ ਵਾਲੀ ਅਤੇ ਪੰਜਾਬ ਦੀਆਂ ਚੋਣਾਂ ਨੂੰ ਇਸ ਵਾਰ ਤਿਕੋਣੇ ਮੁਕਾਬਲੇ 'ਚ ਬਦਲਣ ਵਾਲੀ ਆਮ ਆਦਮੀ ਪਾਰਟੀ ਦੇ ਹੱਥ ਵੀ 20 ਸੀਟਾਂ ਹੀ ਲੱਗੀਆਂ ਹਨ ਤੇ ਲੁਧਿਆਣਾ ਦੀਆਂ 2 ਸੀਟਾਂ ਆਪ ਦੇ ਸਹਿਯੋਗੀ ਬੈਂਸ ਭਰਾ ਜਿੱਤਣ 'ਚ ਸਫ਼ਲ ਹੋਏ ਹਨ। ਪਰ, 'ਆਪ' ਮੁੱਖ ਵਿਰੋਧੀ ਧਿਰ ਵਜੋਂ ਜ਼ਰੂਰ ਉਭਰੀ ਹੈ। ਅੰਦਾਜਿਆਂ ਦੇ ਉਲਟ ਮਾਲਵਾ ਖੇਤਰ ਜਿਸ ਨੂੰ ਆਮ ਆਦਮੀ ਪਾਰਟੀ ਦਾ ਗੜ ਸਮਝਿਆ ਜਾਂਦਾ ਸੀ ਦੀਆਂ 69 ਸੀਟਾਂ ਵਿੱਚੋਂ ਕਾਂਗਰਸ 40 ਸੀਟਾਂ 'ਤੇ ਜੇਤੂ ਰਹੀ ਜਦੋਂ ਕਿ ਆਮ ਆਦਮੀ ਪਾਰਟੀ ਮਾਲਵਾ ਖੇਤਰ ਵਿੱਚੋਂ ਹੀ 18 ਸੀਟਾਂ ਜਿੱਤ ਸਕੀ ਅਤੇ ਉਨ੍ਹਾਂ ਦੀ ਸਹਿਯੋਗੀ ਲੋਕ ਇੰਨਸਾਫ ਪਾਰਟੀ ਨੂੰ 2, ਅਕਾਲੀ ਦਲ ਨੂੰ 8 ਅਤੇ ਭਾਜਪਾ ਨੂੰ ਇੱਕ ਸੀਟ ਮਿਲੀ। ਮਾਝੇ ਵਿੱਚ ਆਮ ਆਦਮੀ ਪਾਰਟੀ ਆਪਣਾ ਖਾਤਾ ਵੀ ਨਾ ਖੋਲ੍ਹ ਸਕੀ, ਜਦੋਂ ਕਿ ਮਾਝੇ ਦੀਆਂ 25 ਸੀਟਾਂ 'ਚੋਂ 22 ਸੀਟਾਂ 'ਤੇ ਕਾਂਗਰਸ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਇੱਥੇ ਵੀ ਅਕਾਲੀ ਦਲ ਨੂੰ 2 ਅਤੇ ਭਾਜਪਾ ਨੂੰ ਇੱਕ ਸੀਟ ਮਿਲੀ। ਇਸੇ ਤਰ੍ਹਾਂ ਐੱਨ.ਆਰ.ਆਈਜ ਦੇ ਗੜ੍ਹ ਮੰਨੇ ਜਾਂਦੇ ਦੁਆਬੇ ਖੇਤਰ ਵਿੱਚ ਵੀ ਕਾਂਗਰਸ ਨੇ ਸਰਦਾਰੀ ਕਾਇਮ ਰੱਖਦਿਆਂ 15 ਸੀਟਾਂ 'ਤੇ ਜਿੱਤ ਹਾਸਲ ਕੀਤੀ, ਜਦੋਂ ਕਿ ਅਕਾਲੀ ਦਲ 5, ਆਮ ਆਦਮੀ ਪਾਰਟੀ 2 ਅਤੇ ਭਾਜਪਾ ਇੱਕ ਸੀਟ 'ਤੇ ਜੇਤੂ ਰਹੀ।
ਚੋਣਾਂ ਵਿੱਚ ਸਭ ਤੋਂ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਹੈ। ਭਾਵੇਂ ਉਹ ਆਖ਼ਰੀ ਦਮ ਤੱਕ ਹੈਟ੍ਰਿਕ ਲਾਉਣ ਦੇ ਦਾਅਵੇ ਕਰਦਾ ਰਿਹਾ, ਪਰ ਉਸ ਨੂੰ ਇਤਿਹਾਸਕ ਹਾਰ ਦਾ ਸਾਹਮਣਾ ਕਰਨਾ ਪਿਆ। ਅਕਾਲੀ-ਭਾਜਪਾ ਸਰਕਾਰ ਵਿਚਲੇ ਕੇਵਲ 4 ਮੰਤਰੀ ਚੋਣ ਜਿੱਤਣ ਵਿੱਚ ਸਫ਼ਲ ਹੋ ਸਕੇ ਜਦੋਂ ਕਿ ਅਕਾਲੀ ਦਲ ਦੇ 8 ਅਤੇ ਭਾਜਪਾ ਦੇ ਚੋਣ ਲੜਨ ਵਾਲੇ ਦੋਵੇਂ ਮੰਤਰੀ ਚੋਣ ਹਾਰ ਗਏ, ਜਦਕਿ ਦੋ ਮੰਤਰੀਆਂ ਦੇ ਬੇਟਿਆਂ ਨੇ ਚੋਣ ਲੜੀ ਸੀ, ਉਹ ਵੀ ਚੋਣ ਹਾਰ ਗਏ। ਅਕਾਲੀ ਦਲ ਅਤੇ ਭਾਜਪਾ ਦੇ ਆਮ ਆਦਮੀ ਪਾਰਟੀ ਤੋਂ ਵੀ ਚੋਣ ਵਿੱਚ ਪਿਛੇ ਰਹਿ ਜਾਣ ਕਾਰਨ ਅਕਾਲੀ ਦਲ ਪਹਿਲੀ ਵਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਲਈ ਵੀ ਦਾਅਵਾ ਪੇਸ਼ ਨਹੀਂ ਕਰ ਸਕੇਗਾ। ਮੌਜੂਦਾ ਸਰਕਾਰ ਵਿਚਲੇ ਮੰਤਰੀਆਂ ਜਥੇਦਾਰ ਤੋਤਾ ਸਿੰਘ, ਸ. ਜਨਮੇਜਾ ਸਿੰਘ ਸੇਖੋਂ, ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸ. ਸੁਰਜੀਤ ਸਿੰਘ ਰੱਖੜਾ, ਸ. ਗੁਲਜ਼ਾਰ ਸਿੰਘ ਰਾਣੀਕੇ, ਸ. ਸਿਕੰਦਰ ਸਿੰਘ ਮਲੂਕਾ, ਸ. ਦਲਜੀਤ ਸਿੰਘ ਚੀਮਾ ਅਤੇ ਸ. ਸੋਹਣ ਸਿੰਘ ਠੰਡਲ ਆਪਣੀਆਂ ਵਿਧਾਨ ਸਭਾ ਸੀਟਾਂ ਵੀ ਜਿੱਤਣ ਵਿੱਚ ਅਸਫ਼ਲ ਰਹੇ। ਜਦੋਂ ਕਿ ਖਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ, ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਅਤੇ ਟ੍ਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਆਪਣੀਆਂ ਸੀਟਾਂ ਬਚਾਉਣ ਵਿੱਚ ਸਫ਼ਲ ਰਹੇ। ਲੇਕਿਨ ਭਾਜਪਾ ਦੇ ਮੌਜੂਦਾ ਦੋ ਮੰਤਰੀ ਸੁਰਜੀਤ ਕੁਮਾਰ ਜਿਆਣੀ ਤੇ ਅਨਿਲ ਜੋਸ਼ੀ ਦੁਬਾਰਾ ਵਿਧਾਇਕ ਨਹੀਂ ਬਣ ਸਕੇ। ਇਸ ਦੇ ਨਾਲ ਹੀ ਦੋ ਮੰਤਰੀਆਂ ਭਗਤ ਚੂੰਨੀ ਲਾਲ ਅਤੇ ਮਦਨ ਮੋਹਨ ਮਿੱਤਲ ਦੇ ਬੇਟੇ ਵੀ ਚੋਣ ਹਾਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਦੋਆਬੇ ਦੇ ਮਸ਼ਹੂਰ ਡੇਰਾ ਬੱਲਾਂ ਦੀ ਹਮਾਇਤ ਲੈਣ ਲਈ ਇਸ ਡੇਰੇ ਦੇ ਸ਼ਰਧਾਲੂ ਸੇਠ ਸੱਤਪਾਲ ਮੱਲ ਨੂੰ ਕਰਤਾਰਪੁਰ ਤੇ ਕਬੀਰ ਦਾਸ ਨੂੰ ਨਾਭਾ ਤੋਂ ਟਿਕਟ ਦਿੱਤੀ ਅਤੇ ਦੋਵੇਂ ਹੀ ਹਾਰ ਗਏ। ਇਸੇ ਤਰ੍ਹਾਂ ਡੇਰਾ ਸਿਰਸਾ ਦੀ ਹਮਾਇਤ ਲੈਣ ਗਏ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਅਕਾਲੀਆਂ ਵਿੱਚੋਂ ਵੀ ਕੋਈ ਜਿੱਤ ਨਹੀਂ ਸਕਿਆ। ਅਕਾਲੀ-ਭਾਜਪਾ ਗਠਜੋੜ ਨੂੰ ਮਿਲੀ ਲੱਕ-ਤੋੜਵੀਂ ਹਾਰ ਨੇ ਜਿਸ ਹਕੀਕਤ ਨੂੰ ਨਿਖ਼ਾਰ ਕੇ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਅਨੁਸਾਰ ਪੰਜਾਬੀ ਵੋਟਰਾਂ ਦੀ ਮਾਨਸਿਕਤਾ ਨੂੰ ਹੁਣ ਡੇਰਾਵਾਦ ਉਸ ਤਰ੍ਹਾਂ ਪ੍ਰਭਾਵਿਤ ਕਰਨ ਦੇ ਸਮਰੱਥ ਨਹੀਂ ਰਿਹਾ, ਜਿਸ ਤਰ੍ਹਾਂ ਅੱਜ ਤੋਂ ਡੇਢ ਦਹਾਕਾ ਪਹਿਲਾਂ ਕਰਿਆ ਕਰਦਾ ਸੀ। ਇਹ ਕੰਧ 'ਤੇ ਲਿਖਿਆ ਸੱਚ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਵਿਧਾਨ ਸਭਾ ਚੋਣਾਂ ਨੂੰ ਤਿਕੋਣੇ ਮੁਕਾਬਲੇ 'ਚ ਬਦਲਣ ਵਾਲੀ ਆਮ ਆਦਮੀ ਪਾਰਟੀ ਦੇ ਨੇਤਾ ਵੀ ਨਤੀਜਿਆਂ 'ਤੇ ਭਰੋਸਾ ਨਹੀਂ ਕਰ ਪਾ ਰਹੇ। ਚਿੱਟਾ, ਪਾਣੀ, ਬੇਰੁਜ਼ਗਾਰੀ, ਕਿਸਾਨੀ ਦੀ ਦੁਰਦਸ਼ਾ ਸਮੇਤ ਸਾਰੇ ਮੁੱਦਿਆਂ ਦਾ ਚੋਣਾਵੀ ਤੜਕਾ ਲਗਾਉਣ ਵਾਲੀ 'ਆਪ' ਖ਼ੁਦ ਹੀ ਆਪਣੇ ਸਿਆਸੀ ਮੁੱਦਿਆਂ ਦੇ ਤੜਕੇ 'ਚ ਭੁੰਨੀ ਗਈ। ਹਾਲਾਂਕਿ ਕੁਝ ਮੁੱਦਿਆਂ ਦਾ ਲਾਹਾ ਲੈਣ ਵਾਲੀ 'ਆਪ' ਵਿਰੋਧੀ ਧਿਰ ਬਣਨ 'ਚ ਸਫ਼ਲ ਹੋ ਗਈ ਹੈ। 4 ਫਰਵਰੀ ਨੂੰ ਮਤਦਾਨ ਹੋਣ ਤੋਂ ਬਾਅਦ ਸੱਟਾ ਬਾਜ਼ਾਰ ਦੀ ਪਹਿਲੀ ਪਸੰਦ ਬਣੀ 'ਆਪ' ਨੇ ਸਾਰੇ ਸਿਆਸੀ ਸਮੀਕਰਨ ਤੇ ਪੰਡਤਾਂ ਦੀ ਰਾਏ ਨੂੰ ਬਦਲ ਦਿੱਛਾ ਸੀ। ਕੋਈ ਵੀ ਸਿਆਸੀ ਪੰਡਤ ਇਸ ਸਬੰਧੀ ਸਪੱਸ਼ਟ ਤੌਰ 'ਤੇ ਕੁਝ ਵੀ ਕਹਿਣ ਦੀ ਹਾਲਤ 'ਚ ਨਹੀਂ ਸੀ ਕਿ ਸਰਕਾਰ ਕਿਸ ਦੀ ਬਣੇਗੀ। ਚੋਣਾਂ ਨੂੰ ਦਿਲਚਸਪ ਆਮ ਆਦਮੀ ਪਾਰਟੀ ਨੇ ਹੀ ਬਣਾਇਆ ਸੀ। ਵੱਖਰੀ ਗੱਲ ਹੈ ਕਿ ਆਪ ਚੋਣ ਮੁੱਦੇ ਬਣਾਉਂਦੀ ਗਈ ਤੇ ਕਾਂਗਰਸ ਨੇ ਇਨ੍ਹਾਂ ਮੁੱਦਿਆਂ ਨੂੰ ਇੱਕ-ਇੱਕ ਕਰਕੇ ਹੈਕ ਕਰ ਲਿਆ। ਇਸ ਕਾਰਨ ਆਪ ਆਪਣੇ ਹੀ ਮੁੱਦਿਆਂ ਨੂੰ ਪੂਰੀ ਤਰ੍ਹਾਂ ਨਾਲ ਕੈਸ਼ ਨਹੀਂ ਕਰਵਾ ਸਕੀ। ਜਿਸ ਦੇ ਸਿੱਟੇ ਵਜੋਂ 'ਆਪ' ਦੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਮਾਤ ਦੇਣ ਦਾ ਐਲਾਨ ਕੀਤਾ ਸੀ, ਬੁਰੀ ਤਰ੍ਹਾਂ ਹਾਰ ਗਏ, ਪਾਰਟੀ ਦੇ ਹੋਰ ਵੱਡੇ ਆਗੂ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ), ਜਰਨੈਲ ਸਿੰਘ ਤੇ ਹਿੰਮਤ ਸਿੰਘ ਸ਼ੇਰਗਿੱਲ ਨੂੰ ਵੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਨੂੰ ਵੀ ਪਾਰਟੀ ਦੀ ਭੁੱਲ ਮੰਨਿਆ ਜਾ ਰਿਹਾ ਹੈ, ਜਿਸ ਨਾਲ ਪਾਰਟੀ ਦਾ ਗ੍ਰਾਫ਼ ਡਿੱਗਿਆ। 'ਆਪ' ਲਈ ਹੁਕਮ ਦਾ ਇੱਕਾ ਬਣਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਵੀ ਕਾਂਗਰਸ ਨੇ ਹੱਥਿਆ ਲਿਆ। ਟਿਕਟਾਂ ਦੀ ਵਿਕਰੀ ਦੇ ਦੋਸ਼, ਸੀ.ਐੱਮ. ਦੇ ਚਿਹਰੇ ਦਾ ਐਲਾਨ ਨਾ ਹੋਣਾ, ਵਿਰੋਧੀਆਂ ਵੱਲੋਂ ਐੱਨ.ਆਰ.ਆਈਜ਼ ਨੂੰ ਕੱਟੜਪੰਥੀਆਂ ਜਾਂ ਵੱਖਵਾਦੀਆਂ ਵਜੋਂ ਪੇਸ਼ ਕਰਨਾ ਅਤੇ ਪੰਜਾਬੀ ਬਨਾਮ ਬਾਹਰੀ ਦੇ ਮੁੱਦਿਆਂ ਨੇ ਵੀ 'ਆਪ' ਦੇ ਅਕਸ 'ਤੇ ਕਾਫ਼ੀ ਮਾੜਾ ਪ੍ਰਭਾਵ ਪਾਇਆ। ਇਸ ਤਰ੍ਹਾਂ ਜਨਵਰੀ 'ਚ ਕਿਸਾਨਾਂ, ਦਲਿਤਾਂ, ਬੇਰੁਜ਼ਗਾਰਾਂ ਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਦੇ-ਘੇਰਦੇ 'ਆਪ' ਨੇ ਇਨ੍ਹਾਂ ਮੁੱਦਿਆਂ ਦੀ ਥਾਲੀ ਨੂੰ ਸਜਾ ਕੇ ਕਾਂਗਰਸ ਨੂੰ ਦੇ ਦਿੱਤੀ। ਨਸ਼ੇ ਨੂੰ ਲੈ ਕੇ ਸਰਕਾਰ ਤੇ ਬਿਕਰਮ ਮਜੀਠੀਆ ਨੂੰ ਘੇਰਨ ਵਾਲੀ 'ਆਪ' ਮਾਝਾ 'ਚ ਖਾਤਾ ਵੀ ਨਹੀਂ ਖੋਲ੍ਹ ਸਕੀ ਤੇ ਐੱਨ.ਆਰ.ਆਈਜ. ਦੇ ਸਮਰਥਨ ਦਾ ਦਾਅਵਾ ਕਰਦੀ ਰਹੀ 'ਆਪ' ਐੱਨ.ਆਰ.ਆਈਜ. ਦੇ ਗੜ੍ਹ ਦੋਆਬੇ ਦੀਆਂ 23 'ਚੋਂ ਸਿਰਫ਼ 2 ਸੀਟਾਂ ਹੀ ਜਿੱਤ ਸਕੀ।
ਇਹਨਾਂ ਚੋਣਾਂ ਬਾਰੇ ਦਿਲਚਸਪ ਪਹਿਲੂ ਇਹ ਵੀ ਹੈ ਕਿ ਕਾਂਗਰਸ ਦੇ ਵੀ ਕਈ ਦਿੱਗਜ ਨੇਤਾ ਵੀ ਚੋਣ ਹਾਰ ਗਏ। ਜਿਵੇਂ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਲਹਿਰਾਗਾਗਾ ਹਲਕੇ ਤੋਂ ਵੱਡੀ ਹਾਰ ਮਿਲੀ ਜਦੋਂ ਕਿ ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਆਗੂ ਰਹੇ ਸ੍ਰੀ ਸੁਨੀਲ ਜਾਖੜ ਵੀ ਅਬੋਹਰ ਤੋਂ ਚੋਣ ਹਾਰ ਗਏ। ਇਸੇ ਤਰ੍ਹਾਂ ਬਰਨਾਲਾ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਵੀ ਚੋਣ ਜਿੱਤਣ 'ਚ ਅਸਫਲ ਰਹੇ। 
117 ਸੀਟਾਂ ਵਾਲੀ ਪੰਜਾਬ ਵਿਧਾਨ ਸਭਾ 'ਚ ਇਸ ਵਾਰ ਸਿਰਫ 6 ਮਹਿਲਾਵਾਂ ਹੀ ਆਪਣੀ ਹਿੱਸੇਦਾਰੀ ਦਰਜ ਕਰਵਾ ਸਕੀਆਂ, ਜਿਨ੍ਹਾਂ 'ਚੋਂ 3 ਕਾਂਗਰਸ ਅਤੇ 3 ਆਮ ਆਦਮੀ ਪਾਰਟੀ ਤੋਂ ਹਨ। ਇਹਨਾਂ 6 ਮਹਿਲਾ ਵਿਧਾਨਕਾਰਾਂ ਵਿੱਚੋਂ ਕਾਂਗਰਸ ਦੀ ਮਲੇਰਕੋਟਲਾ ਤੋਂ ਰਜ਼ੀਆ ਸੁਲਤਾਨਾ, ਦੀਨਾ ਨਗਰ ਤੋਂ ਅਰੁਣਾ ਚੌਧਰੀ ਅਤੇ ਫਿਰੋਜ਼ਪੁਰ ਤੋਂ ਸਤਕਾਰ ਕੌਰ ਹਨ, ਜਦੋਂ ਕਿ ਆਮ ਆਦਮੀ ਪਾਰਟੀ ਦੀ ਜਗਰਾਉਂ ਤੋਂ ਸਰਬਜੀਤ ਕੌਰ ਮਾਣੂੰਕੇ, ਬਠਿੰਡਾ ਦਿਹਾਤੀ ਤੋਂ ਰੁਪਿੰਦਰ ਕੌਰ ਰੂਬੀ ਅਤੇ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਸ਼ਾਮਿਲ ਹਨ। 
ਕਾਂਗਰਸ ਪਾਰਟੀ ਜਿੱਥੇ ਆਪਣੀ ਜਿੱਤ ਦੇ ਜਸ਼ਨ ਮਨਾਉਣ 'ਚ ਲੱਗੀ ਹੋਈ ਹੈ, ਉੱਥੇ ਅਕਾਲੀ-ਭਾਜਪਾ ਗਠਜੋੜ ਨੂੰ ਇਹ ਸੋਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਕਿ ਆਖਰ ਉਨ੍ਹਾਂ ਨੂੰ ਇੰਨੀ ਕਸੂਤੀ ਹਾਰ ਕਿਵੇਂ ਮਿਲੀ। ਜੇਕਰਸ ਗਠਜੋੜ ਦੀਆਂ ਪਾਰਟੀਆਂ ਸੱਚਮੁੱਚ ਹਾਰ ਦੇ ਕਾਰਨਾਂ ਨੂੰ ਲੱਭ ਲੈਂਦੀਆਂ ਹਨ ਅਤੇ ਉਨ੍ਹਾਂ ਦਾ ਹੱਲ ਕੱਢਣ ਦਾ ਯਤਨ ਕਰਦੀਆਂ ਹਨ ਤਾਂ ਯਕੀਨਣ ਹੀ ਪੰਜਾਬ ਦੀ ਸਿਆਸਤ 'ਚ ਇਹ ਇੱਕ ਨਵਾਂ ਅਧਿਆਇ ਹੋਵੇਗਾ। ਪਿਛਲੇ ਸਾਲਾਂ 'ਚ ਲਗਾਤਾਰ 2 ਹਾਰਾਂ ਝੱਲਣ ਵਾਲੀ ਕਾਂਗਰਸ ਪਾਰਟੀ, ਜਿਸ ਨੂੰ ਹੁਣ ਤੀਜੀਆਂ ਚੋਣਾਂ 'ਚ ਜਿੱਤ ਮਿਲੀ ਹੈ, ਨੂੰ ਵੀ ਇਨ੍ਹਾਂ ਗੱਲਾਂ ਤੋਂ ਸਬਕ ਸਿੱਖਣਾ ਪਵੇਗਾ ਕਿ ਆਖਰ ਉਹ ਦੋ ਵਾਰ ਕਿਉਂ ਹਾਰੀ ਅਤੇ ਹੁਣ ਅਕਾਲੀ ਭਾਜਪਾ ਗਠਜੋੜ ਨੂੰ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ। ਕਾਂਗਰਸ ਪਾਰਟੀ ਜਿੱਤ ਦੇ ਜਸ਼ਨਾਂ 'ਚ ਨਾ ਡੁੱਬ ਕੇ ਜੇ ਕੌੜੀਆਂ ਹਕੀਕਤਾਂ ਨੂੰ ਵੀ ਨਾਲ ਲੈ ਕੇ ਚੱਲੇਗੀ ਤਾਂ ਇਹ ਉਸ ਲਈ ਵੀ ਭਲਾ ਹੋਵੇਗਾ ਅਤੇ ਪੰਜਾਬ ਲਈ ਸ਼ੁਭ ਲੱਛਣ ਹੋਣਗੇ। ਇਸ ਮੌਕੇ ਤਾਂ ਜੇਤੂ ਪਾਰਟੀ ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਅਤੇ ਵਿਭਾਗਾਂ ਦੀ ਵੰਡ 'ਤੇ ਧਿਆਨ ਕੇਂਦਰਿਤ ਕਰਨ ਵੱਲ ਲੱਗ ਜਾਵੇਗੀ। ਪਾਰਟੀ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਵੀ ਸੱਤਾ ਸੰਭਾਲਣ ਤੋਂ ਬਾਅਦ ਪੂਰੇ ਕਰਨੇ ਹਨ ਅਤੇ ਪੰਜਾਬ ਦੇ ਭਵਿੱਖ ਸਾਹਮਣੇ ਮੂੰਹ ਅੱਡ ਕੇ ਖਲੋਤੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਵੀ ਹੱਲ ਲੱਭਣਾ ਹੈ। ਪੰਜਾਬ ਦੀ ਆਰਥਿਕਤਾ ਵੀ ਬਹੁਤੀ ਚੰਗੀ ਹਾਲਤ 'ਚ ਨਹੀਂ ਅਤੇ ਐੱਸ.ਵਾਈ.ਐੱਲ. ਦਾ ਮੁੱਦਾ ਅਤਿ-ਗੰਭੀਰ ਮੁੱਦਾ ਬਣ ਚੁੱਕਾ ਹੈ। ਇਨ੍ਹਾਂ ਸਭ ਚੁਣੌਤੀਆਂ ਨਾਲ ਨਜਿੱਠਣਾ ਕਾਂਗਰਸ ਦੀ ਨਵੀਂ ਸਰਕਾਰ ਲਈ ਬਹੁਤਾ ਆਸਾਨ ਨਹੀਂ ਹੋਵੇਗਾ।Viewers  365

Comment

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved