Editorial

Monthly Archives: APRIL 2015



Share this Editorial
Posted on 17.04.15


ਪਿਛਲੇ ਮਹੀਨੇ ਦੋ ਕੁ ਹਫ਼ਤਿਆਂ ਲਈ ਪੰਜਾਬ ਦਾ ਗੇੜਾ ਲੱਗਿਆ, ਇਨ੍ਹਾਂ ਦਿਨਾਂ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿੰਨ੍ਹਾਂ ਦੀ ਛਾਪ ਦਿਲ ਦਿਮਾਗ 'ਤੇ ਲੱਗ ਗਈ। ਜਦੋਂ ਉਹ ਘਟਨਾਵਾਂ ਮੇਰੇ ਜਿਹਨ ਵਿੱਚ ਆ ਜਾਂਦੀਆਂ ਹਨ ਤਾਂ ਦਿਲ ਪਸੀਜ ਜਾਂਦਾ ਹੈ ਤੇ ਰੂਹ ਕੰਬਣ ਲੱਗ ਜਾਂਦੀ ਹੈ ਕਿ ਪੰਜਾਬ ਕਿਸ ਰਾਹ 'ਤੇ ਤੁਰ ਪਿਆ।
ਇਹਨਾਂ ਵਾਪਰੀਆਂ ਘਟਨਾਵਾਂ ਨੂੰ ਪਾਠਕਾਂ ਨਾਲ ਸਾਂਝੀਆਂ ਕਰਦਿਆਂ ਨਾ ਕੇਵਲ ਦਿਲ ਹੌਲਾ ਕਰਨਾ ਹੈ, ਸਗੋਂ ਸਮੇਂ ਦੀ ਜ਼ਰੂਰਤ ਵੀ ਜਾਪ ਰਹੀ ਹੈ ਕਿ ਸ਼ਾਇਦ ਕੋਈ ਹੱਲ ਹੋ ਸਕੇ। ਆਪਣੇ ਨਿੱਜੀ ਰੁਝੇਵੇਂ ਖਤਮ ਕਰਕੇ ਸਾਕ-ਸੰਬੰਧੀਆਂ, ਦੋਸਤਾਂ-ਮਿੱਤਰਾਂ ਦਾ ਹਾਲ ਚਾਲ ਪੁੱਛਣ ਲਈ ਜਦੋਂ ਘਰੋਂ ਨਿਕਲਿਆ ਤਾਂ ਪਹਿਲਾ ਪੜਾਅ ਸਿਆਸਤ ਵਿੱਚ ਚੰਗਾ ਅਸਰ ਰਸੂਖ ਰੱਖਣ ਵਾਲੇ ਸੱਜਣ ਦੇ ਘਰ ਸੀ। ਜਦੋਂ ਪਹੁੰਚਿਆਂ ਤਾਂ ਉਹਨਾਂ ਦੇ ਘਰ ਚੁੱਪ ਦਾ ਵਰਤਾਰਾ ਛਾਇਆ ਹੋਇਆ ਸੀ, ਗੱਲ ਸਾਂਝੀ ਕਰਨ 'ਤੇ ਸੱਜਣ ਖੂਨ ਦੇ ਅੱਥਰੂ ਰੋ ਪਿਆ।ਉਸਨੇ ਦੱਸਿਆ ਕਿ ਉਸਦਾ ਛੇ ਫੁੱਟਾ ਇਕਲੌਤਾ ਪੁੱਤਰ ਨਸ਼ੇ (ਹੈਰੋਇਨ) ਦੀ ਗਰਿਫਤ ਵਿੱਚ ਬੁਰੀ ਤਰ੍ਹਾਂ ਆ ਚੁੱਕਾ ਹੈ। ਉਸ ਸੱਜਣ ਨੇ ਦੁੱਖ ਭਰੀ ਦਾਸਤਾਨ ਦੱਸਦੇ ਹੋਏ ਕਿਹਾ ਕਿ ਹੁਣ ਉਸਦਾ ਪੁੱਤਰ ਆਪਣੇ ਨਸ਼ੇ ਦੀ ਪੂਰਤੀ ਲਈ ਘਰੋਂ ਚੋਰੀਆਂ ਵੀ ਕਰਨ ਲੱਗ ਪਿਆ ਹੈ। ਜਦੋਂ ਉਸ ਨੂੰ ਸਖਤੀ ਨਾਲ ਰੋਕਿਆ ਗਿਆ ਤਾਂ ਉਸ ਨੇ ਚਾਕੂ ਨਾਲ ਆਪਣੀਆਂ ਬਾਹਾਂ 'ਤੇ ਡੂੰਘੇ ਕੱਟ ਲਾ ਲਏ। ਇਸ ਸਮੇਂ ਉਹ ਗੱਭਰੂ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।
ਉਸ ਤੋਂ ਬਾਅਦ ਇੱਕ ਹੋਰ ਗੱਭਰੂ ਜਿਸਦੀ ਮੈਂ ਸਮਝਦਾ ਸੀ ਕਿ ਮੌਤ ਜ਼ਹਿਰੀਲੇ ਸੱਪ ਦੇ ਡੰਗ ਕਾਰਨ ਹੋਈ ਹੈ, ਜਦੋਂ ਉਸ ਦੇ ਘਰ ਅਫਸੋਸ ਕਰਨ ਗਿਆ ਤਾਂ ਜਾ ਕੇ ਪਤਾ ਲੱਗਾ ਕਿ ਉਸ ਦੀ ਮੌਤ ਦਾ ਕਾਰਨ ਸੱਪ ਨਹੀਂ ਨਸ਼ਾ (ਸਮੈਕ) ਸੀ। ਮੌਕੇ 'ਤੇ ਨਸ਼ਾ ਨਾ ਮਿਲਣ ਕਾਰਨ ਕਣਕ ਵਿੱਚ ਰੱਖਣ ਵਾਲੀਆਂ ਗੋਲੀਆਂ ਘੋਲ ਕੇ ਉਸ ਦਾ ਟੀਕਾ ਨਾੜ ਵਿੱਚ ਲਾ ਲਿਆ ਸੀ। ਆਪਣੇ ਪੁੱਤ ਨੂੰ ਅਫਸਰ ਬਣਾਉਣ ਲਈ ਸੁਪਨੇ ਸੰਜੋਈਂ ਬੈਠੇ ਮਾਂ-ਪਿਓ ਨੂੰ ਰੋਂਦੇ ਵਿਲਕਦੇ ਛੱਡ ਗਿਆ।
ਇਹ ਉਪਰੋਕਤ ਘਟਨਾਵਾਂ ਅਜੇ ਜਿਹਨ ਵਿਚੋਂ ਨਿਕਲੀਆਂ ਹੀ ਨਹੀਂ ਸਨ ਕਿ ਇੱਕ ਹੋਰ ਪਰਿਵਾਰਕ ਸੰਬੰਧੀ ਦੇ ਘਰ ਵਧਾਈ ਦੇਣ ਦਾ ਪ੍ਰੋਗਰਾਮ ਬਣਾਇਆ, ਕਿਉਂਕਿ ਲੜਕੀ ਦੇ ਵਿਆਹ ਮੌਕੇ ਮੈਂ ਆਸਟ੍ਰੇਲੀਆ ਵਿੱਚ ਸੀ, ਜਦੋਂ ਮੈਂ ਉਹਨਾਂ ਦੇ ਘਰ ਪਹੁੰਚਿਆਂ ਤਾਂ ਘਰ ਵਿੱਚ ਖੁਸ਼ੀ ਦੀ ਥਾਂ ਸੋਗ ਛਾਇਆ ਹੋਇਆ ਸੀ, ਪਤਾ ਲੱਗਿਆ ਕਿ ਜਿਸ ਲੜਕੀ ਨੂੰ ਉਹਨਾਂ ਨੇ ਬੜੇ ਚਾਵਾਂ ਨਾਲ ਉੱਚੇ ਘਰਾਣੇ ਵਿੱਚ ਵਿਆਹਿਆ ਸੀ, ਉਸ ਲੜਕੀ ਦੀ ਅੱਜ ਸਥਿਤੀ ''ਨਾ ਰੰਡੀ ਨਾ ਸੁਹਾਗਣ'' ਵਾਲੀ ਬਣੀ ਹੋਈ ਸੀ। ਕਿਉਂਕਿ ਉਹਨਾਂ ਦਾ ਜੁਆਈ ਨਸ਼ੇ ਦੀ ਤਸਕਰੀ ਕਰਦੇ ਹੋਏ ਫੜਿਆ ਗਿਆ, ਜਿਸ ਦੀ ਅੱਧੀ ਉਮਰ ਹੁਣ ਜੇਲ੍ਹ ਵਿੱਚ ਹੀ ਗੁਜ਼ਰੇਗੀ।
ਇਹ ਕਹਾਣੀ ਪੰਜਾਬ ਦੇ ਸਿਰਫ ਤਿੰਨ ਘਰਾਂ ਦੀ ਹੀ ਨਹੀਂ, ਸਗੋਂ ਹਰ ਦੂਸਰੇ ਘਰ ਦੀ ਬਣਦੀ ਜਾ ਰਹੀ ਹੈ। ਜਿਹੜੀ ਔਲਾਦ ਮਾਪਿਆਂ ਦਾ ਸਹਾਰਾ ਹੁੰਦੀ ਸੀ, ਉਹਨਾਂ ਗੱਭਰੂ ਮੁਟਿਆਰਾਂ ਦੇ ਸਹਾਰੇ ਅੱਜ ਮਾਂ-ਪਿਓ ਨੂੰ ਬਣਨਾ ਪੈ ਰਿਹਾ ਹੈ। ਨਸ਼ੇ ਵਿੱਚ ਗਲਤਾਨ ਹੋਏ ਧੀਆਂ-ਪੁੱਤਰਾਂ ਨੂੰ ਮਾਪੇ ਨਸ਼ਾ ਛੁਡਾਉ ਕੇਂਦਰਾਂ ਵਿੱਚ ਥਾਂ-ਥਾਂ 'ਤੇ ਲੈ ਕੇ ਭਟਕ ਰਹੇ ਹਨ ਜਾਂ ਫਿਰ ਅੱਖਾਂ ਵਿੱਚ ਹੰਝੂਆਂ ਦੇ ਬੁੱਕ ਲੈ ਕੇ ਨਸ਼ਾ ਤਸਕਰੀ ਵਿੱਚ ਫਸੀ ਔਲਾਦ ਦੀ ਜੇਲ੍ਹ ਵਿੱਚ ਮੁਲਾਕਾਤ ਕਰ ਰਹੇ ਹਨ।
ਸਰਕਾਰ ਦੁਆਰਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਅੱਜ ਖੋਖਲ੍ਹੇ ਜਾਪਦੇ ਹਨ। ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਾ ਮੁਕਤ ਰੱਖਣ ਲਈ ਸਰਕਾਰ ਦੁਆਰਾ ਬਹੁਤ ਹੀ ਠੋਸ ਕਦਮ ਚੁੱਕਣ ਦੀ ਲੋੜ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਭਲੇ ਲਈ ਸਿਅਸਤ ਤੋਂ ਉੱਪਰ ਉੱਠ ਕੇ ਨਸ਼ੇ ਦਾ ਕੋਹੜ ਕੱਢਣ ਲਈ ਇੱਕ ਮੁੱਠ ਹੋਣਾ ਚਾਹੀਦਾ ਹੈ।


Viewers  411

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved