Editorial

Monthly Archives: JUNE 2014



Share this Editorial
Posted on 14.06.14


ਲੋਕ ਸਭਾ ਚੋਣਾਂ 2014 ਦੇ ਨਤੀਜੇ ਪੰਜਾਬ ਵਿੱਚ ਇੱਕ ਵੱਖਰੀ ਛਾਪ ਛੱਡ ਗਏ। ਆਮ ਆਦਮੀ ਪਾਰਟੀ ਜਿਸਦਾ ਪੰਜਾਬ ਵਿੱਚ ਨਾ ਤਾਂ ਕੋਈ ਮਜ਼ਬੂਤ ਜਥੇਬੰਧਕ ਢਾਂਚਾ ਸੀ ਅਤੇ ਨਾ ਹੀ ਕੋਈ ਸਿਰਕੱਢ ਆਗੂ ਸੀ, ਪਰ ਇਸਦੇ ਬਾਵਜੂਦ ਆਮ ਆਦਮੀ ਪਾਰਟੀ ਦਾ ਚਾਰ ਲੋਕ ਸਭਾ ਸੀਟਾਂ 'ਤੇ ਕਾਬਜ਼ ਹੋਣ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਜੇਕਰ ਪਿਛਲੀਆਂ ਪੰਜ-ਛੇ ਲੋਕ ਸਭਾ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਲੋਕ ਸਭਾ ਚੋਣਾਂ 2014 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਸਭ ਤੋਂ ਵੱਧ ਨਿਰਾਸ਼ਾਜਨਕ ਜਾਪ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵਾਰ 26 ਪ੍ਰਤੀਸ਼ਤ ਵੋਟਾਂ ਤੱਕ ਹੀ ਸਿਮਟ ਕੇ ਰਹਿ ਗਿਆ। ਹੋਰ ਤਾਂ ਹੋਰ ਅੰਮ੍ਰਿਤਸਰ ਦੀ ਵੱਕਾਰੀ ਸੀਟ ਤੋਂ ਅਰੁਣ ਜੇਤਲੀ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰ. ਸੁਖਦੇਵ ਸਿੰਘ ਢੀਂਡਸਾ ਨੂੰ ਦੋ ਲੱਖ ਤੋਂ ਵੱਧ ਵੋਟਾਂ ਨਾਲ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਜੇਕਰ ਬਠਿੰਡਾ ਲੋਕ ਸਭਾ ਸੀਟ 'ਤੇ ਝਾਤ ਮਾਰੀਏ ਤਾਂ ਉੱਥੇ ਵੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇੱਕ ਲੱਖ ਵੋਟਾਂ ਦੇ ਕਰੀਬ ਲੀਡ ਘਟੀ ਹੈ।
ਜੇਕਰ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਗਹੁ ਨਾਲ ਵਾਚੀਏ ਤਾਂ ਇਹ ਗੱਲ ਸਪੱਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਗਿਰਦੀ ਸ਼ਾਖ ਬਚਾਉਣ ਲਈ ਆਪਣੀਆਂ ਕਾਰਗੁਜ਼ਾਰੀਆਂ ਦਾ ਮੁਲਾਂਕਣ ਕਰਨਾ ਪਵੇਗਾ। ਹਾਰ ਤੋਂ ਬਾਅਦ ਸ੍ਰ. ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਕਿ 'ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੰਥਕ ਏਜੰਡਾ ਅਪਨਾਉਣ ਦੀ ਜ਼ਰੂਰਤ ਹੈ', ਇਹ ਗੱਲ ਸਾਫ਼ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਮਕਸਦ ਅਤੇ ਅਦਰਸ਼ਾਂ ਨੂੰ ਤਿਲਾਜ਼ਲੀ ਦੇ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਕੁਰਬਾਨੀ ਕਰਨ ਵਾਲੇ ਜਥੇਦਾਰਾਂ ਦੀ ਪਾਰਟੀ ਦੀ ਥਾਂ ਸਰਮਾਏਦਾਰਾਂ ਦੀ ਪਾਰਟੀ ਬਣਦਾ ਜਾ ਰਿਹਾ ਹੈ। ਪਰਵਾਰਵਾਦ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਭਾਰੂ ਹੋਣਾ ਇਸਦੀ ਸ਼ਾਖ ਨੂੰ ਗਿਰਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਦਾਹਰਣ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਲੋਕ ਸਭਾ ਮੈਂਬਰਾਂ ਦੇ ਮੁਕਾਬਲੇ ਸਭ ਤੋਂ ਘੱਟ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ 'ਤੇ ਵੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਮੰਤਰੀ ਬਣਾ ਦੇਣਾ, ਜਿੱਥੇ ਰਣਜੀਤ ਸਿੰਘ ਬ੍ਰਹਮਪੁਰਾ ਜਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਕੱਦਾਵਰ ਲੀਡਰਾਂ ਨੂੰ ਸਿਆਸੀ ਪੱਖੋਂ ਬੌਨਾ ਕਰਦਾ ਹੈ, ਉੱਥੇ ਟਕਸਾਲੀ ਅਕਾਲੀਆਂ ਜਾਂ ਨਵੀਂ ਪੀੜ੍ਹੀ ਦੇ ਮਨ ਵਿੱਚ ਕੁਰਬਾਨੀ ਦੇ ਜ਼ਜ਼ਬੇ ਦੀ ਥਾਂ ਪਰਵਾਰਵਾਦ ਦਾ ਮਾੜ੍ਹਾ ਪ੍ਰਭਾਵ ਪਾ ਦਿੰਦਾ ਹੈ। ਅਜਿਹਿਆਂ ਕਾਰਨਾਂ ਕਰਕੇ ਪਾਰਟੀ ਵਰਕਰਾਂ ਦੇ ਹੌਸਲੇ ਪਸਤ ਹੋ ਜਾਂਦੇ ਹਨ।
ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪਈ ਵੋਟ, ਵੋਟ ਘੱਟ ਸਰਕਾਰ ਪ੍ਰਤੀ ਗੁੱਸਾ ਜ਼ਿਆਦਾ ਪ੍ਰਤੀਤ ਹੋ ਰਿਹਾ ਹੈ। ਰੇਤਾ ਬਜ਼ਰੀ ਦੀ ਕਾਲਾ ਬਜ਼ਾਰੀ ਤੋਂ ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਅਤੇ ਖਾਸ ਕਰ ਪੰਜਾਬ ਵਿੱਚ ਨਸ਼ਿਆਂ ਦੇ ਆਏ ਹੜ੍ਹ ਨੂੰ ਰੋਕਣ ਤੋਂ ਅਸਮੱਰਥ ਪੰਜਾਬ ਸਰਕਾਰ ਦੇ ਵਿਰੁੱਧ ਲੋਕਾਂ ਅੰਦਰ ਇੱਕ ਗੁੱਸੇ ਦੀ ਲਹਿਰ ਦੌੜ ਰਹੀ ਸੀ ਅਤੇ ਇਸੇ ਗੁੱਸੇ ਨੂੰ ਸ਼ਾਂਤ ਕਰਨ ਲਈ ਲੋਕਾਂ ਨੇ ਵਹੀਰਾਂ ਘੱਤ ਕੇ ਝਾੜੂ ਦਾ ਬਟਨ ਦਬਾਇਆ।
ਇਨ੍ਹਾਂ ਚੋਣ ਨਤੀਜਿਆਂ ਤੋਂ ਸਬਕ ਲੈਂਦੇ ਹੋਏ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਸ਼ਾਖ ਬਚਾਉਣ ਲਈ ਆਪਣੀਆਂ ਕਮੀਆਂ ਦਾ ਮੁਲਾਂਕਣ ਕਰਨਾ ਪਵੇਗਾ ਅਤੇ ਮੁੜ ਜੜ੍ਹ ਨਾਲ ਜੁੜਨਾ ਪਵੇਗਾ। ਚਿੰਤਨ ਸ਼ਿਵਰ ਗੋਆ ਦੇ ਸਮੁੰਦਰਾਂ ਕੰਢੇ ਨਹੀਂ, ਸਗੋਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਰਨੇ ਪੈਣਗੇ ਤਾਂ ਜੋ ਟਕਸਾਲੀ ਅਕਾਲੀ ਵਰਕਰ ਆਪਣੀਆਂ ਮੁਸ਼ਕਿਲਾਂ ਜਾਂ ਮੁੱਦਿਆਂ ਨੂੰ ਲੀਡਰਸ਼ਿਪ ਅੱਗੇ ਰੱਖ ਸਕਣ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਦਿੱਖ ਫਿਰ ਤੋਂ ਕਾਇਮ ਹੋ ਸਕੇ।


Viewers  422

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved