Punjab News Section
Aug 17

1984 ਸਿੱਖ ਕਤਲੇਆਮ : 199 ਕੇਸਾਂ ਦੀ ਜਾਂਚ ਲਈ ਸੁਪਰੀਮ ਕੋਰਟ ਨੇ ਬਣਾਇਆ ਦੋ ਜੱਜਾਂ ਦਾ ਪੈਨਲ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਿਤ 199 ਮਾਮਲੇ ਬੰਦ ਕਰਨ ਦੇ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦੇ ਫ਼ੈਸਲੇ ਦੀ ਜਾਂਚ ਲਈ ਅੱਜ ਸੁਪਰੀਮ ਕੋਰਟ ਦੇ ਦੋ ਸਾਬਕਾ ਜੱਜਾਂ ਦੀ ਨਿਗਰਾਨ ਕਮੇਟੀ ਦਾ ਗਠਨ ਕਰ ਦਿੱਤਾ। ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਕਮੇਟੀ ਨੂੰ ਕਿਹਾ ਕਿ ਇਸ ਦੇ ਇਲਾਵਾ ਵੀ ਦੰਗਿਆਂ ਨਾਲ ਸਬੰਧਿਤ 42 ਹੋਰ ਮਾਮਲੇ ਵੀ ਬੰਦ ਕਰਨ ਦੇ ਵਿਸ਼ੇਸ਼ ਜਾਂਚ ਟੀਮ ਦੇ ਫ਼ੈਸਲੇ ਦੀ ਵੀ ਜਾਂਚ ਕੀਤੀ ਜਾਵੇ। ਸੁਪਰੀਮ ਕੋਰਟ ਨੇ ਕਮੇਟੀ ਨੂੰ ਇਸ ਮਾਮਲੇ ਦੀ ਜਾਂਚ ਦੇ ਬਾਅਦ ਤਿੰਨ ਮਹੀਨਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਇਸ ਮਾਮਲੇ 'ਚ ਹੁਣ 28 ਨਵੰਬਰ ਨੂੰ ਅੱਗੇ ਵਿਚਾਰ ਕਰੇਗੀ। ਅਦਾਲਤ ਨੇ 24 ਮਾਰਚ ਨੂੰ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਸਿੱਖ ਵਿਰੋਧੀ ਦੰਗਿਆਂ ਸਬੰਧੀ 199 ਮਾਮਲਿਆਂ ਨੂੰ ਬੰਦ ਕਰਨ ਦੇ ਵਿਸ਼ੇਸ਼ ਜਾਂਚ ਟੀਮ ਦੇ ਫ਼ੈਸਲੇ ਨਾਲ ਸਬੰਧਿਤ ਫਾਈਲਾਂ ਪੇਸ਼ ਕੀਤੀਆਂ ਜਾਣ। ਇਸ ਜਾਂਚ ਟੀਮ ਦਾ ਗਠਨ ਗ੍ਰਹਿ ਮੰਤਰਾਲੇ ਨੇ ਕੀਤਾ ਸੀ। ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਆਈ. ਪੀ. ਐਸ. ਦੇ 1986 ਬੈਚ ਦੇ ਅਧਿਕਾਰੀ ਪ੍ਰਮੋਦ ਅਸਥਾਨਾ ਕਰ ਰਹੇ ਸਨ ਅਤੇ ਸੇਵਾ-ਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਕੇਸ਼ ਕਪੂਰ ਅਤੇ ਵਧੀਕ ਪੁਲਿਸ ਕਮਿਸ਼ਨਰ ਕੁਮਾਰ ਗਿਆਨੇਸ਼ ਇਸ ਦੇ ਮੈਂਬਰ ਸਨ। 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ 'ਚ ਇਕੱਲੀ ਦਿੱਲੀ 'ਚ 2733 ਵਿਅਕਤੀ ਮਾਰੇ ਗਏ ਸਨ।
ਉਪਰੋਕਤ ਫ਼ੈਸਲੇ ਤੋਂ ਇਲਾਵਾ ਸੁਪਰੀਮ ਕੋਰਟ ਨੇ ਕਾਨਪੁਰ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦੀ ਮੰਗ ਵਾਲੀ ਪਟੀਸ਼ਨ 'ਤੇ ਕੇਂਦਰ ਤੇ ਯੂ.ਪੀ. ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ ਤੇ ਨਾਲ ਹੀ ਸਾਰੇ ਕੇਸਾਂ ਦੀ ਹਾਲੀਆ ਸਥਿਤੀ ਦੀ ਰਿਪੋਰਟ ਵੀ ਮੰਗੀ ਹੈ। ਇਸ ਮਾਮਲੇ ਦੀ ਸੁਣਵਾਈ 22 ਸਤੰਬਰ ਨੂੰ ਹੋਵੇਗੀ। ਇਹ ਪਟੀਸ਼ਨ ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਭੋਗਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਦਾਖ਼ਲ ਕੀਤੀ ਗਈ ਹੈ। ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਵੱਲੋਂ ਪੇਸ਼ ਹੋਏ ਵਕੀਲ ਪ੍ਰਸੁੱਨ ਕੁਮਾਰ ਨੇ ਦੱਸਿਆ ਕਿ ਪਿਛਲੀ ਸੁਣਵਾਈ 'ਚ ਅਦਾਲਤ ਨੇ ਐਸ.ਆਈ.ਟੀ. ਤੋਂ ਜਾਂਚ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਦੀ ਹਾਮੀ ਭਰਦੇ ਹੋਏ, ਇਸ ਪਟੀਸ਼ਨ ਨੂੰ ਸਿੱਖ ਨਸਲਕੁਸ਼ੀ ਦੇ ਮੁੱਖ ਮਾਮਲੇ ਦੇ ਨਾਲ ਜੋੜਨ ਦਾ ਫ਼ੈਸਲਾ ਕੀਤਾ ਸੀ, ਪਰ ਹੁਣ ਇਸ ਮਾਮਲੇ ਨੂੰ ਉਸ ਤੋਂ ਅਲਹਿਦਾ ਕਰ ਦਿੱਤਾ ਗਿਆ ਹੈ। ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਦੇ ਮੁਖੀ ਤੇ ਪਟੀਸ਼ਨਕਰਤਾ ਕੁਲਦੀਪ ਸਿੰਘ ਭੋਗਲ ਨੇ ਦੱਸਿਆ ਕਿ ਉਕਤ ਪਟੀਸ਼ਨ ਵਿਚ ਆਖਿਆ ਗਿਆ ਸੀ ਕਿ ਕਾਨਪੁਰ ਵਿਚ ਦੰਗਿਆਂ ਦੌਰਾਨ 127 ਲੋਕਾਂ ਦੀ ਮੌਤ ਹੋਈ, 2800 ਐਫ.ਆਈ.ਆਰ. ਦਰਜ ਹੋਈਆਂ ਪਰ ਜ਼ਿਆਦਾਤਰ ਮਾਮਲੇ ਸਬੂਤ ਦੀ ਘਾਟ ਕਾਰਨ ਬੰਦ ਕੀਤੇ ਜਾ ਚੁੱਕੇ ਹਨ। ਪਟੀਸ਼ਨ ਵਿਚ ਦੱਸਿਆ ਗਿਆ ਹੈ ਕਿ ਇਹ ਮਾਮਲਾ ਪੁਲਿਸ ਅਤੇ ਸਰਕਾਰੀ ਤੰਤਰ ਦੇ ਲਾਪਰਵਾਹੀ ਨਾਲ ਜੁੜਿਆ ਹੋਇਆ ਹੈ ਅਤੇ ਇੱਥੋਂ ਤੱਕ ਕਿ ਜਿਸ ਖੇਤਰ ਵਿਚ ਲੋਕ ਮਾਰੇ ਗਏ ਸਬੰਧਿਤ ਥਾਣੇ ਵਾਲੇ ਆਖਦੇ ਹਨ ਕਿ ਇੱਥੇ ਕੋਈ ਮੌਤ ਹੀ ਨਹੀਂ ਹੋਈ, ਨਾ ਦੰਗਾ ਹੋਇਆ ਤੇ ਨਾ ਹੀ ਜਾਇਦਾਦ ਲੁੱਟੀ ਗਈ। ਆਰ.ਟੀ.ਆਈ. ਵਿਚ ਇਨ੍ਹਾਂ ਥਾਣਿਆਂ 'ਚ ਜ਼ੀਰੋ ਰਿਪੋਰਟ ਦੀ ਗੱਲ ਵੀ ਆਖੀ ਗਈ। ਪਟੀਸ਼ਨ ਵਿਚ ਵਿਸ਼ੇਸ਼ ਤੌਰ 'ਤੇ ਬਜਰੀਆ ਥਾਣੇ ਵਿਚ ਦਰਜ 6 ਐਫ.ਆਈ.ਆਰ. ਅਤੇ ਨਜੀਰਾਬਾਦ ਥਾਣੇ ਵਿਚ ਦਰਜ ਇੱਕ ਐਫ.ਆਈ.ਆਰ. ਅਤੇ ਦੰਗੇ ਦੇ ਬਾਰੇ ਵਿਚ ਹੋਰਨਾਂ ਥਾਣਿਆਂ ਵਿਚ ਦਰਜ ਬਾਕੀ ਮਾਮਲਿਆਂ ਦੀ ਐਸ.ਆਈ.ਟੀ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।


Viewers  166
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved