ਨਵੀਂ ਦਿੱਲੀ : ਮੋਦੀ ਕੈਬਨਿਟ ਦਾ ਕਾਫੀ ਦੇਰ ਤੋਂ ਉਡੀਕਿਆ ਜਾ ਰਿਹਾ ਵਿਸਥਾਰ ਐਤਵਾਰ ਨੂੰ ਹੋ ਗਿਆ। ਹਫਤਿਆਂਬੱਧੀ ਮੀਟਿੰਗਾਂ ਤੇ ਸਲਾਹ-ਮਸ਼ਵਰਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਨਵੇਂ ਮੰਤਰੀਆਂ ਦੇ ਨਾਂਅ ਤੈਅ ਕੀਤੇ ਸਨ। ਇਸ ਸੂਚੀ 'ਚ ਐੱਨ ਡੀ ਏ ਦੇ ਸਹਿਯੋਗੀ ਜਨਤਾ ਦਲ ਯੂ (ਜਦਯੂ) ਅਤੇ ਸ਼ਿਵ ਸ਼ੈਨਾ ਨੂੰ ਸ਼ਾਮਲ ਨਹੀਂ ਕੀਤਾ ਗਿਆ। ਖਬਰਾਂ ਮੁਤਾਬਕ ਉਨ੍ਹਾਂ ਨੂੰ ਬਾਅਦ ਵਿੱਚ ਕੈਬਨਿਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਹਾਲਾਂਕਿ ਸ਼ਿਵ ਸੈਨਾ ਨਰਾਜ਼ ਦੱਸੀ ਜਾ ਰਹੀ ਹੈ।
ਐਤਵਾਰ ਨੂੰ ਹੋਏ ਇਸ ਵਿਸਥਾਰ 'ਚ ਕੁੱਲ 13 ਮੰਤਰੀਆਂ ਨੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ। ਕੈਬਨਿਟ 'ਚ ਯੂ ਪੀ-ਬਿਹਾਰ ਦੇ ਦੋ-ਦੋ ਅਤੇ ਕੇਰਲ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ ਤੋਂ ਇੱਕ-ਇੱਕ ਨਵੇਂ ਮੰਤਰੀ ਬਣਾਏ ਗਏ ਹਨ। ਇਸ ਤੋਂ ਇਲਾਵਾ ਚਾਰ ਮੰਤਰੀਆਂ ਨੂੰ ਤਰੱਕੀ ਦੇ ਕੇ ਕੈਬਨਿਟ ਰੈਂਕ ਦਿੱਤਾ ਗਿਆ ਹੈ। ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ, ਸੰਸਦੀ ਕਾਰਜ ਰਾਜ ਮੰਤਰੀ ਮੁਖਤਾਰ ਅੱਬਾਸ ਨੱਕਵੀ, ਊਰਜਾ ਮੰਤਰੀ ਪਿਯੂਸ਼ ਗੋਇਲ ਅਤੇ ਵਣਜ ਮੰਤਰੀ ਨਿਰਮਲਾ ਸੀਤਾਰਮਨ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਭਾਜਪਾ ਦੇ ਸੰਸਦ ਮੈਂਬਰ ਅਸ਼ਵਨੀ ਕੁਮਾਰ ਚੌਬੇ (ਬਿਹਾਰ), ਸਾਬਕਾ ਗ੍ਰਹਿ ਸਕੱਤਰ ਅਤੇ ਆਰਾ ਤੋਂ ਸੰਸਦ ਮੈਂਬਰ ਆਰ ਕੇ ਸਿੰਘ, ਵਰਿੰਦਰ ਕੁਮਾਰ (ਮੱਧ ਪ੍ਰਦੇਸ਼), ਸ਼ਿਵ ਪ੍ਰਤਾਪ ਸ਼ੁਕਲ (ਯੂ ਪੀ), ਮੁੰਬਈ ਪੁਲਸ ਦੇ ਕਮਿਸ਼ਨਰ ਰਹੇ ਤੇ ਬਾਘਪਤ ਤੋਂ ਸੱਤਪਾਲ ਸਿੰਘ (ਯੂ ਪੀ), ਅਨੰਤ ਕੁਮਾਰ ਹੇਗੜੇ (ਕਰਨਾਟਕ), ਕਦੇ ਦਿੱਲੀ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤੀ ਦਿਵਾਉਣ ਵਾਲੇ ਕੇਰਲ ਕਾਡਰ ਦੇ ਸਾਬਕਾ ਆਈ ਏ ਐੱਸ ਅਧਿਕਾਰੀ ਅਲਫੋਂਸ ਕੰਨਾਥਨੱਮ, 1974 ਬੈਚ ਦੇ ਸਾਬਕਾ ਆਈ ਏ ਐੱਸ ਅਧਿਕਾਰੀ ਹਰਦੀਪ ਸਿੰਘ ਪੁਰੀ, ਗਜਿੰਦਰ ਸਿੰਘ ਸ਼ੇਖਾਵਤ (ਰਾਜਸਥਾਨ) ਨੇ ਨਵੇਂ ਮੰਤਰੀਆਂ ਦੇ ਰੂਪ ਵਿੱਚ ਸਹੁੰ ਚੁੱਕੀ।
ਜਿਨ੍ਹਾਂ ਸੰਸਦ ਮੈਂਬਰਾਂ ਨੇ ਐਤਵਾਰ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ, ਉਨ੍ਹਾਂ 'ਚ ਜ਼ਿਆਦਾਤਰ ਆਪਣੇ ਕਿੱਤੇ 'ਚ ਨਿਪੁੰਨਤਾ ਰੱਖਦੇ ਹਨ। ਇਨ੍ਹਾਂ 'ਚ ਦੋ ਸਾਬਕਾ ਆਈ ਏ ਐੱਸ, ਇੱਕ ਸਾਬਕਾ ਆਈ ਪੀ ਐੱਸ, ਇੱਕ ਸਾਬਕਾ ਆਈ ਐੱਫ ਐੱਸ ਸ਼ਾਮਲ ਹਨ। ਜਿਸ ਤਰ੍ਹਾਂ ਕਿੱਤੇ ਨੂੰ ਕੈਬਨਿਟ ਵਿੱਚ ਜਗ੍ਹਾ ਦਿੱਤੀ ਗਈ ਹੈ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਅਗਲੇ ਡੇਢ ਸਾਲ ਤੱਕ ਸਰਕਾਰ ਲਈ ਗਵਰਨੈਂਸ ਅਤੇ ਜ਼ਮੀਨ ਤੱਕ ਕੰਮ ਪਹੁੰਚਦਾ ਕਰਨਾ ਸਭ ਤੋਂ ਵੱਡੀ ਤਰਜੀਹ ਹੈ। ਸੂਤਰਾਂ ਅਨੁਸਾਰ ਨਵੇਂ ਮੰਤਰੀਆਂ ਨੂੰ ਅਹਿਮ ਮੰਤਰਾਲਿਆਂ 'ਚ ਰਣਨੀਤਕ ਦੇ ਰੂਪ 'ਚ ਲਾਇਆ ਜਾ ਸਕਦਾ ਹੈ। ਕੇਰਲ ਦੇ ਸਾਬਕਾ ਆਈ ਏ ਐੱਸ ਅਧਿਕਾਰੀ ਅਲਫੋਂਸ ਦੀ ਚੋਣ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਭਾਜਪਾ ਕੇਰਲ 'ਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਰਨਾਟਕ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਚੋਣਾਂ ਤੋਂ ਪਹਿਲਾਂ ਤੇਜ਼-ਤਰਾਰ ਅਨੰਤ ਕੁਮਾਰ ਹੇਗੜੇ ਨੂੰ ਜਗ੍ਹਾ ਮਿਲੀ ਹੈ। ਉਹ ਉਨ੍ਹਾਂ ਆਗੂਆਂ 'ਚ ਸ਼ਾਮਲ ਹੈ, ਜਿਨ੍ਹਾਂ ਕਸ਼ਮੀਰ ਦੇ ਲਾਲ ਚੌਕ 'ਚ ਤਿਰੰਗਾ ਲਹਿਰਾਇਆ ਸੀ। ਪੂਰਬੀ ਯੂ ਪੀ ਤੋਂ ਕਲਰਾਜ ਦੀ ਜਗ੍ਹਾ ਰਾਜ ਸਭਾ ਮੈਂਬਰ ਸ਼ਿਵ ਪ੍ਰਤਾਪ ਸ਼ੁਕਲ ਨੂੰ ਸ਼ਾਮਲ ਕੀਤਾ ਗਿਆ ਹੈ। ਯੂ ਪੀ ਸਰਕਾਰ 'ਚ ਕੈਬਨਿਟ ਮੰਤਰੀ ਰਹੇ ਸ਼ਿਵ ਪ੍ਰਤਾਪ ਯੋਗੀ ਦੇ ਵਿਰੋਧ ਕਾਰਨ ਹਾਸ਼ੀਏ 'ਤੇ ਸਨ। 2016 'ਚ ਉਨ੍ਹਾ ਨੂੰ ਯੂ ਪੀ ਤੋਂ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਸੀ।
ਐਤਵਾਰ ਨੂੰ ਸਹੁੰ ਚੁੱਕਣ ਵਾਲੇ 13 ਮੰਤਰੀਆਂ ਵਿੱਚੋਂ ਤਿੰਨ ਨੇ ਅੰਗਰੇਜ਼ੀ 'ਚ ਅਤੇ 10 ਨੇ ਹਿੰਦੀ 'ਚ ਸਹੁੰ ਚੁੱਕੀ। ਅੰਗਰੇਜ਼ੀ 'ਚ ਸਹੁੰ ਚੁੱਕਣ ਵਾਲੇ ਮੰਤਰੀਆਂ 'ਚੋਂ 2 ਗੈਰ-ਹਿੰਦੀ ਭਾਸ਼ੀ ਸੂਬਿਆਂ ਦੇ ਹਨ, ਜਦਕਿ ਇੱਕ ਹਿੰਦੀ ਭਾਸ਼ੀ ਸੂਬੇ ਤੋਂ ਹੈ। ਦੋ ਮੰਤਰੀ ਅਜਿਹੇ ਹਨ, ਜਿਹੜੇ ਗੈਰ-ਹਿੰਦੀ ਭਾਸ਼ੀ ਸੂਬੇ ਦੇ ਹਨ, ਪਰ ਉਨ੍ਹਾਂ ਸਹੁੰ ਹਿੰਦੀ 'ਚ ਚੁੱਕੀ।
ਅੰਗਰੇਜ਼ੀ ਵਿੱਚ ਸਹੁੰ ਚੁੱਕਣ ਵਾਲੇ ਮੰਤਰੀਆਂ 'ਚ ਨਿਰਮਲਾ ਸੀਤਾਰਮਨ ਆਂਧਰਾ ਪ੍ਰਦੇਸ਼ ਦੀ ਹੈ ਅਤੇ ਅਲਫੋਂਸ ਕੇਰਲ ਦੇ ਹਨ। ਇਸ ਤੋਂ ਇਲਾਵਾ ਤੀਸਰੇ ਮੰਤਰੀ ਹਰਦੀਪ ਪੁਰੀ ਦਿੱਲੀ ਦੇ ਰਹਿਣ ਵਾਲੇ ਹਨ। ਹਿੰਦੀ 'ਚ ਸਹੁੰ ਚੁੱਕਣ ਵਾਲਿਆਂ 'ਚ ਮੁਖਤਾਰ ਅੱਬਾਸ ਨੱਕਵੀ ਯੂ ਪੀ ਦੇ, ਧਰਮੇਂਦਰ ਪ੍ਰਧਾਨ ਉੜੀਸਾ ਦੇ ਅਤੇ ਪਿਯੂਸ਼ ਗੋਇਲ ਮੁੰਬਈ ਦੇ ਹਨ। ਇਨ੍ਹਾਂ ਤੋਂ ਇਲਾਵਾ ਹਿੰਦੀ ਵਿੱਚ ਸਹੁੰ ਚੁੱਕਣ ਵਾਲੇ ਨਵੇਂ ਮੰਤਰੀਆਂ 'ਚ ਸ਼ਿਵ ਪ੍ਰਤਾਪ ਸ਼ੁਕਲਾ ਅਤੇ ਸੱਤਪਾਲ ਸਿੰਘ ਉਤਰ ਪ੍ਰਦੇਸ਼ ਦੇ ਹਨ। ਰਾਜ ਕੁਮਾਰ ਤੇ ਅਸ਼ਵਨੀ ਕੁਮਾਰ ਚੌਬੇ ਬਿਹਾਰ ਤੋਂ ਹਨ। ਵਰੇਂਦਰ ਕੁਮਾਰ ਮੱਧ ਪ੍ਰਦੇਸ਼ ਅਤੇ ਗਜੇਂਦਰ ਸਿੰਘ ਸ਼ੇਖਾਵਤ ਰਾਜਸਥਾਨ ਦੇ ਹਨ। ਅਨੰਤ ਕੁਮਾਰ ਹੇਗੜੇ ਕਰਨਾਟਕ ਦੇ ਹਨ।