ਕੋਲਕਾਤਾ : ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਧੰਨਰਾਜ ਪਿਲੈ ਨੂੰ ਈਸਟ ਬੰਗਾਲ ਫੁਟਬਾਲ ਕਲੱਬ ਦਾ ਸਿਖ਼ਰਲਾ ਸਨਮਾਨ ‘ਭਾਰਤ ਗੌਰਵ’ ਇੱਕ ਅਗਸਤ ਨੂੰ ਕਲੱਬ ਦੇ ਸਥਾਪਤਨਾ ਦਿਵਸ ਸਮਾਰੋਹ ਮੌਕੇ ਦਿੱਤਾ ਜਾਵੇਗਾ। ਕਲੱਬ ਦੇ ਸਕੱਤਰ ਕਲਿਆਣ ਮਜ਼ੂਮਦਾਰ ਨੇ ਅੱਜ ਕਿਹਾ,‘ ਭਾਰਤੀ ਹਾਕੀ ਨੂੰ ਪਿਲੈ ਦੀ ਅਹਿਮ ਦੇਣ ਹੈ। ਇਸ ਸਾਲ ਅਸੀਂ ਉਸਨੂੰ ‘ਭਾਰਤ ਗੌਰਵ’ ਪੁਰਸਕਾਰ ਲਈ ਚੁਣਿਆ ਹੈ। ਇਸ ਫੈਸਲੇ ਨਾਲ ਕਲੱਬ ਸਨਮਾਨਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਸਾਡੀ ਤਜ਼ਵੀਜ ਨੂੰ ਮੰਨ ਲਿਆ ਹੈ ਅਤੇ ਸਥਾਪਨਾ ਦਿਵਸ ਲਈ ਉਹ ਇੱਕ ਅਗਸਤ ਨੂੰ ਇੱਥੇ ਹਾਜ਼ਰ ਰਹਿਣਗੇ।
ਭਾਰਤ ਦੇ ਇਸ ਮਹਾਂਰਥੀ ਨੇ 15 ਸਾਲ ਤੋਂ ਆਪਣੇ ਵੱਧ ਦੇ ਕਰੀਅਰ ਦੌਰਾਨ ਚਾਰ ਓਲੰਪਿਕ, ਵਿਸ਼ਵ ਕੱਪ, ਚੈਂਪੀਅਨਜ਼ ਟਰਾਫੀ ਅਤੇ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਅਗਵਾਈ ਕੀਤੀ। ਉਸਨੇ ਕੌਮੀ ਟੀਮ ਵਿੱਚ 339 ਮੈਚ ਖੇਡੇ ਅਤੇ 170 ਗੋਲ ਕੀਤੇ। ਈਸਟ ਬੰਗਾਲ ਫੁਟਬਾਲ ਕਲੱਬ ਨੇ ਸਾਬਕਾ ਭਾਰਤੀ ਫੁਟਬਾਲਰਾਂ ਸਈਅਦ ਨਈਮੂਦੀਨ ਅਤੇ ਸੁਭਾਸ਼ ਭੌਮਿਕ ਨੂੰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਲਈ ਚੁਣਿਆ ਹੈ।