Tour & Travel Section
Jun 30

ਯੂਰਪ ਦੀ ਸੈਰ : ਸਿਡਨੀ ਤੋਂ ਯੂਰਪ ਦਾ ਸਫ਼ਰ

ਵਿਸ਼ੇਸ਼ :- ਪ੍ਰਦੇਸ ਐਕਸਪ੍ਰੈਸ ਦੇ ਪਾਠਕਾਂ ਨਾਲ ਮੈਂ ਆਪਣੇ ਸਿਡਨੀ ਤੋਂ ਯੂਰਪ ਦੀ ਸੈਰ ਦੇ ਕੁੱਝ ਵਿਸ਼ੇਸ਼ ਅੰਸ਼ ਸਾਂਝੇ ਕਰਨ ਦੀ ਖੁਸ਼ੀ ਪ੍ਰਾਪਤ ਕਰ ਰਿਹਾ ਹਾਂ। ਯੂਰਪ ਦਾ ਮੇਰਾ ਅਨੁਭਵ ਕਾਫੀ ਰੁਚਾਂਤਮਿਕ ਰਿਹਾ। ਜਿੰਦਗੀ ਜਿਊਣ ਦੇ ਢੰਗ ਤੋਂ ਲੈ ਕੇ ਕੁਦਰਤ ਦੇ ਕ੍ਰਿਸ਼ਮੇ ਤੱਕ ਕਾਫੀ ਵਿਲੱਖਣ ਰਿਹਾ। ਆਓ ਇਸ ਸੈਰ ਦਾ ਪਹਿਲਾ ਭਾਗ ਸਾਂਝਾ ਕਰਦੇ ਹਾਂ।
ਯੂਰਪ ਆਪਣੇ ਆਪ ਵਿੱਚ ਇੱਕ ਸੁਹੱਪਣ ਦਾ ਸੋਮਾ ਹੈ। ਸ਼ੁਰੂ ਤੋਂ ਹੀ ਯੂਰਪ ਸਿਨਮਿਆਂ ਦਾ ਸ਼ਿੰਗਾਰ ਰਿਹਾ ਹੈ। ਭਾਵੇਂ ਇਹ ਦੇਸ਼ਾਂ ਦਾ ਸਮੂਹ ਹੈ ਫਿਰ ਵੀ ਇਹ ਇਕ ਕੜੀ ਵਾਂਗ ਇੱਕ ਦੂਸਰੇ ਵਿੱਚ ਸਮੋਈਂ ਬੈਠੇ ਹਨ। ਜਦ ਇਹ ਦੇਸ਼ ਇਕੱਠੇ ਨਹੀਂ ਸਨ ਹੋਏ ਉਦੋਂ ਇੱਕ ਦੂਸਰੇ ਦੇਸ਼ ਵਿੱਚ ਜਾਣਾ ਔਖਾ ਸੀ। ਹੁਣ ਤਾਂ ਸਾਰੇ ਦੇਸ਼ਾਂ ਵਿੱਚ ਜਾਣਾ ਆਉਣਾ ਖੁੱਲ੍ਹਾ ਹੈ। ਖੁਸ਼ੀ ਦੀ ਗੱਲ ਇਹ ਵੀ ਕਿ ਆਸਟ੍ਰੇਲੀਅਨ ਪਾਸਪੋਰਟ ਲਈ ਕਿਸੇ ਵੀਜ਼ੇ ਦੀ ਜਰੂਰਤ ਵੀ ਨਹੀਂ ਪੈਂਦੀ। ਯੂਰਪ ਘੁੰਮਣ ਲਈ ਅਸੀਂ ਰੇਲ ਸੇਵਾ ਵੀ ਪ੍ਰਯੋਗ ਕਰ ਸਕਦੇ ਹਾਂ। ਇਹ ਰੇਲ ਸੇਵਾ ਕਈ ਦੇਸਾਂ ਨੂੰ ਇੱਕ ਦੂਸਰੇ ਨਾਲ ਜੋੜਦੀ ਹੈ। ਇੱਕ ਚੀਜ ਦਾ ਖਿਆਲ ਰੱਖੋ ਕਿ ਮੌਸਮ ਕਿਸੀ ਸਮੇਂ ਵੀ ਬਦਲ ਸਕਦਾ ਹੈ। ਆਪਣੇ ਹਰ ਪ੍ਰਕਾਰ ਦੇ ਕੱਪੜੇ ਨਾਲ ਜਰੂਰ ਰੱਖੋ। ਖਾਸ ਤੌਰ ਤੇ ਸਵਿਟਜਰਲੈਂਡ ਦੀਆਂ ਵਾਈਆਂ ਮਿੰਟ ਵਿੱਚ ਵੱਖਰੇ ਮੌਸਮ ਦਾ ਗਿਆਤ ਕਰਾਉਂਦੀਆਂ ਹਨ।
ਮੇਰਾ ਸਿਡਨੀ ਤੋਂ ਯੂਰਪ ਦਾ ਸਫ਼ਰ ਕੋਈ 10 ਕੁ ਦਿਨ ਦਾ ਸੀ। ਦਿਲ ਢਲਦੇ ਨੂੰ ਮੇਰੀ ਫਲਾਈਟ ਸਿਡਨੀ ਤੋਂ ਉਡੀ। ਉਸ ਸਮੇਂ ਤਾਪਮਾਨ 10 ਕੁ ਡਿਗਰੀ ਸੀ। ਠੰਡ ਦਾ ਜੋਰ ਸੀ ਤੇ ਮੋਟੇ ਕੱਪੜੇ ਪਾਏ ਸਨ। ਸਿਡਨੀ ਤੋਂ ਇਟਲੀ ਜਾਣ ਲਈ ਸਾਨੂੰ ਸਿੱਧੀ ਫਲਾਈਟ ਨਹੀਂ ਮਿਲਦੀ। ਸਾਨੂੰ ਭਾਰਤ, ਆਬੂ ਧਾਬੀ ਜਾਂ ਕਿਸੀ ਹੋਰ ਦੇਸ਼ ਵਿੱਚ ਰੁਕਣਾ ਪੈਂਦਾ ਹੈ। ਬਹੁਤੀ ਵਾਰ ਲੋਕ ਭਾਰਤ ਕੁੱਝ ਦਿਨ ਰੁਕ ਕੇ ਵੀ ਅਗਾਂਹ ਜਾਂਦੇ ਹਨ। ਮੇਰੀ ਇਹ ਫਲਾਈਟ ਕੋਈ 13 ਕੁ ਘੰਟੇ ਦੀ ਸੀ ਜਿਹੜੀ ਆਬੂ ਧਾਬੀ ਜਾ ਕੇ ਰੁਕੀ। 13 ਘੰਟੇ ਨੇ ਜਿੱਥੇ ਬੱਸ ਕਰਾਈ ਉੱਥੇ ਮਈ ਮਹੀਨੇ ਦੀ ਡੁਬਈ ਦੀ ਭਗਦੀ ਗਰਮੀ ਨੇ ਸਾਰੇ ਕੋਟ ਲਹਾ ਦਿੱਤੇ। ਪੂਰੀ ਤਰ੍ਹਾਂ ਮੌਸਮ ਬਦਲ ਗਿਆ। ਚੜਦੇ ਸੂਰਜ ਦੀ ਲਾਲੀ ਪਿੱਛੇ ਆ ਰਹੀ ਲੂਹ ਦੀ ਦਸਤਕ ਦੇ ਰਹੀ ਸੀ। ਬੁੱਲਾਂ ਤੇ ਆਉਂਦਾ ਸੁੱਕਾਪਨ ਮੌਸਮ ਦੀ ਤਬਦੀਲੀ ਭਾਂਪ ਰਿਹਾ ਸੀ। ਮੈਂ ਗਰਮੀ ਵਿੱਚ ਬਹੁਤ ਘੁੰਮ ਨਾ ਸਕਿਆ। ਉਸੀ ਸ਼ਾਮ ਨੂੰ ਮੈਂ ਆਬੂ ਧਾਬੀ ਤੋਂ ਮਿਲਾਨ ਦੇ ਮੈਲਪੈਨਸਾ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਨ ਫੜੀ। ਸਫਰ ਕੋਈ 8 ਕੁ ਘੰਟੇ ਦਾ ਸੀ। ਸਿਡਨੀ ਤੋਂ ਮਿਲਾਨ ਕੋਈ 16543 ਕਿਲੋਮੀਟਰ ਹੈ। ਹਵਾਈ ਜਹਾਜ ਰਾਹੀਂ ਤਕਰੀਬਨ 21 ਘੰਟੇ 21 ਮਿੰਟ ਦਾ ਸਮਾਂ ਲੱਗਦਾ ਹੈ। ਸਫਰ ਕਾਫੀ ਲੰਬਾ ਹੈ। ਪਰ ਆਪਣਿਆਂ ਨਾਲ ਇਹ ਜਲਦੀ ਕੱਟ ਜਾਂਦਾ ਹੈ। ਜਿਉਂ-ਤਿਓਂ ਕਰਦੇ ਤਕਰੀਬਨ ਦੁਪਹਿਰੇ 2 ਵਜੇ ਮੈਲਪੈਨਸਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਾ ਉੱਤਰੇ। ਸਿਡਨੀ ਨਾਲੋਂ 8 ਘੰਟੇ ਮਿਲਾਨ ਦਾ ਸਮਾਂ ਪਿੱਛੇ ਹੈ। 20 ਡਿਗਰੀ ਦੇ ਕਰੀਬ ਤਾਪਮਾਨ ਸੀ। ਸਭ ਤੋਂ ਵੱਡੀ ਇਹਨਾਂ ਦੇਸ਼ਾਂ ਵਿੱਚ ਇਹ ਮੁਸ਼ਕਿਲ ਆਉਂਦੀ ਹੈ ਕਿ ਇੱਥੇ ਸਾਰੇ ਆਪਣੀ ਮਾਤਰ ਭਾਸ਼ਾ ਹੀ ਬੋਲਦੇ ਹਨ। ਇਟਲੀ ਵਿੱਚ ਸਾਰੇ ਇਟਾਲੀਅਨ ਭਾਸ਼ਾ ਹੀ ਬੋਲਦੇ ਹਨ। ਉਹਨਾਂ ਦੇ ਮੁੱਖ ਸੜਕਾਂ ਤੇ ਲੱਗੇ ਬੋਰਡ ਵੀ ਇਟਾਲੀਅਨ ਵਿੱਚ ਹੀ ਹਨ। ਅਗਰ ਤੁਹਾਡੇ ਨਾਲ ਉਥੋਂ ਦਾ ਕੋਈ ਲੋਕਲ ਭਾਸ਼ਾ ਜਾਣਦਾ ਨਾਂ ਹੋਵੇ ਤਾਂ ਕਾਫੀ ਮੁਸ਼ਕਿਲ ਆਉਂਦੀ ਹੈ। ਏਅਰਪੋਰਟ ਤੋਂ ਅਗਾਂਹ ਮੈਨੂੰ ਸਨਵੀਰ ਤੇ ਹੋਰ ਲੈ ਕੇ ਰਿਹਾਇਸ਼ ਵੱਲ ਚਾਲੇ ਪਾ ਦਿੱਤੇ। ਮਿਲਾਨ ਦੇ ਨੇੜੇ ਮੈਲਪੈਨਸਾ ਅਤੇ ਲਿਨਾਤੇ ਦੋ ਏਅਰਪੋਰਟ ਹਨ ਜਿੱਥੇ ਫਲਾਈਆਂ ਪਹੁੰਚਦੀਆਂ ਹਨ। ਕੋਈ 2 ਕੁ ਘੰਟੇ ਦਾ ਕਾਰ ਦੇ ਸਫ਼ਰ ਵਿੱਚ ਅਸੀਂ ਮਿਲਾਨ ਸ਼ਹਿਰ ਨੂੰ ਪਾਰ ਕਰਦੇ ਹੋਏ ਫਰਫੈਂਗੋ ਨਾਮੀ ਸਥਾਨ ਤੇ ਪਹੁੰਚ ਗਏ। ਇਹ ਪਿੰਡ ਕਰੀਮੋਨੇ ਸ਼ਹਿਰ ਤੋਂ ਕੋਈ 15 ਕੁ ਕਿਲੋਮੀਟਰ ਦੀ ਵਿੱਥ ਤੇ ਸੀ। ਇਸ ਪਿੰਡ ਵਿੱਚ ਬਣੀਆਂ ਵੱਡੀਆਂ-ਵੱਡੀਆਂ ਪੁਰਾਣੀਆਂ ਇਮਾਰਤਾਂ, ਉੱਚੇ ਗੇਟ ਤੇ ਹਵੇਲੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਸਨ ਕਿ ਕਿਸੀ ਸਮੇਂ ਇਹ ਪਿੰਡ ਕਿਸੇ ਰਾਜੇ ਦੀ ਰਿਹਾਇਸ਼ ਸਥਾਨ ਹੋਵੇਗਾ। ਕੋਈ 50 ਕੁ ਕਮਰਿਆਂ ਦੀ ਅੱਧ ਟੁੱਟੀ ਇਮਾਰਤ ਕਿਸੀ ਸਮੇਂ ਕਿਸੇ ਰਾਜੇ ਦਾ ਮਹੱਲ ਹੋਇਆ ਕਰਦਾ ਸੀ ਜਿਸ ਦੇ ਅੰਦਰੂਨੀ ਕਮਰਿਆਂ ਤੇ ਕੀਤੀ ਮੀਨਾਕਾਰੀ ਕਲਾਕਾਰੀ ਦਾ ਉੱਤਮ ਨਮੂਨਾ ਪੇਸ਼ ਕਰਦੀ ਹੈ। ਭੈਣ ਅੰਮ੍ਰਿਤ ਨੇ ਦੱਸਿਆ ਕਿ ਇਸ ਮਹੱਲ ਦੀ ਕੁਲ ਦੇ ਵਾਰਿਸ ਹੁਣ ਸ਼ਹਿਰ ਵੱਸ ਗਏ ਹਨ ਤੇ ਬਿਜਨਸ ਕਰਦੇ ਹਨ। ਮੈਂ ਕਈ ਘੰਟੇ ਅਜਿਹੀਆਂ ਉੱਚੀਆਂ ਇਮਾਰਤਾਂ ਨੂੰ ਤੱਕਣ ਲਈ ਲਾਗਲੇ ਕਈ ਪਿੰਡ 'ਗਰਮੀਲੂ ਪਿੰਡ' ਤੇ ਹੋਰਾਂ ਵੱਲ ਗਿਆ। ਪਿਛਲੇ ਕੁਝ ਸਾਲਾਂ ਵਿੱਚ ਆਰਥਿਕ ਮੰਦੀ ਦੀ ਪੂਰੇ ਯੂਰਪ ਤੇ ਝੁੱਲੀ ਕਾਲੀ ਹਨੇਰੀ ਨੇ ਬਹੁਤ ਕੁੱਝ ਬਦਲ ਕੇ ਰੱਖ ਦਿੱਤਾ ਹੈ। ਇਸ ਸਮੇਂ ਪ੍ਰਵਾਸੀਆਂ ਲਈ ਕੰਮ ਕਾਰ ਪ੍ਰਾਪਤ ਕਰਨ ਲਈ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ। ਇਥੋਂ ਤੱਕ ਕਿ ਕਈ ਪ੍ਰਵਾਸੀ ਹੁਣ ਇਟਲੀ ਨੂੰ ਛੱਡ ਕੇ ਹੋਰਾਂ ਦੇਸ਼ਾਂ ਵੱਲ ਨੂੰ ਜਾ ਰਹੇ ਹਨ। ਘਰਾਂ ਦੀਆਂ ਕੀਮਤਾਂ 3-4 ਲੱਖ ਤੋਂ ਡਿੱਗ ਕੇ 30-40 ਹਜ਼ਾਰ ਯੂਰੋ ਰਹਿ ਗਈਆਂ ਹਨ। ਇੱਥੋਂ ਤੱਕ ਕੇ ਕਈ ਘਰ ਖਾਲੀ ਪਏ ਹੋਏ ਹਨ। ਇਸ ਇਲਾਕੇ ਵਿੱਚ ਬਹੁਤੇ ਲੋਕਾਂ ਦਾ ਕੰਮ ਸਤਾਲੇ  'ਡੇਅਰੀ ਫਾਰਮ' ਹਨ। ਇੱਥੇ ਮੁੱਖ ਤੌਰ ਤੇ ਗਾਵਾਂ ਦੇ ਸਤਾਲੇ ਪਰ ਹੁਣ ਕੁਝ ਬਾਹਰੋਂ ਮੱਝਾਂ ਲਿਆ ਕੇ ਵੀ ਸਤਾਲੇ ਖੋਲ ਰਹੇ ਹਨ। ਕੰਮ ਕਰਨ ਵਾਲਿਆਂ ਦੀਆਂ ਰਿਹਾਇਸ਼ਾਂ ਮਾਲਕਾਂ ਵੱਲੋਂ ਮੁਫਤ ਹਨ ਪਰ ਆਸਟ੍ਰੇਲੀਆ ਦੇ ਹਿਸਾਬ ਨਾਲ ਵੇਤਨ ਕਾਫੀ ਘੱਟ ਹੈ। ਤਨਖਾਹ ਹਫਤਾਵਾਰੀ ਜਾਂ ਫੋਰਟਨਾਈਟਲੀ ਨਹੀਂ ਸਗੋਂ ਮਹੀਨੇ ਬਾਅਦ ਹੈ। ਪਿਛਲੇ ਕੁਝ ਸਾਲਾਂ ਤੋਂ ਅੰਗਰੇਜੀ ਮੀਡੀਅਮ ਵੀ ਸਕੂਲਾਂ ਵਿੱਚ ਸ਼ੁਰੂ ਕਰ ਦਿੱਤਾ ਹੈ। ਖੇਤੀਬਾੜੀ ਨਾਲ ਸੰਬੰਧਿਤ ਇਹ ਇਲਾਕਾ ਪੰਜਾਬ ਦੇ ਕਿਸੇ ਪਿੰਡ ਦਾ ਭੁਲੇਖਾ ਪਾਉਂਦਾ ਹੈ। ਇਟਲੀ ਵਿੱਚ ਬਹੁਤ ਹੀ ਮਿਲਾਪੜਾ ਸੁਭਾਅ ਦੇਖਣ ਨੂੰ ਮਿਲਿਆ। ਸਾਰੇ ਇੱਕ ਦੂਸਰੇ ਨਾਲ ਮਿਲਦੇ ਜੁਲਦੇ ਹਨ। ਨਸ਼ਾ ਅਤੇ ਨਸ਼ੇ ਦਾ ਵਿਉਪਾਰ ਕੁੱਝ ਜ਼ਿਆਦਾ ਹੈ। ਹਰ ਪ੍ਰਕਾਰ ਦੇ ਨਸ਼ੇ ਮਿਲਦੇ ਹਨ ਅਤੇ ਕਈ ਪੰਜਾਬੀ ਹੀ ਇਸ ਨੂੰ ਵੇਚਦੇ ਹਨ। ਮੈਂ ਕਈ ਉਹਨਾਂ ਪੰਜਾਬੀ ਨੌਜਵਾਨਾਂ ਨੂੰ ਮਿਲਿਆ ਜਿਹੜੇ ਨਸ਼ੇ ਦੀ ਤਸਕਰੀ ਵਿੱਚ ਫੜੇ ਗਏ ਅਤੇ ਹੁਣ ਘਰ ਦੀ ਜੇਲ ਵਿੱਚ ਬੰਦ ਹਨ। ਸ਼ਾਇਦ ਬੇਰੁਜ਼ਗਾਰੀ ਵੀ ਇਸ ਕੰਮ ਨੂੰ ਬੜਾਵਾ ਦਿੰਦੀ ਹੈ। ਪੰਜਾਬ ਵਾਂਗ ਹੀ ਇੱਥੇ ਵੀ ਪੰਜਾਬੀ ਮੁੰਡਿਆਂ ਦੇ ਕਈ ਗਰੁੱਪ ਬਣੇ ਹੋਏ ਹਨ। ਆਪਸ ਵਿੱਚ ਲੜਾਈ ਝਗੜਾ ਅਤੇ ਮਾਰ ਕੁੱਟ ਵੀ ਮੇਲਿਆਂ, ਟੂਰਨਾਮੈਂਟ ਤੇ ਦੇਖਣ ਨੂੰ ਮਿਲਦੀ ਹੈ। ਨੌਜਵਾਨਾਂ ਤੇ ਕਈ ਕੋਰਟ ਕੇਸ ਵੀ ਚੱਲ ਰਹੇ ਹਨ। ਇਸ ਪੱਖੋਂ ਮੈਂ ਥੋੜਾ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਰਿਹਾ ਪਰ ਕਬੱਡੀ ਕਲੱਬਾਂ ਵੱਲੋਂ ਕੀਤੇ ਜਾਂਦੇ ਵਿਸ਼ੇਸ਼ ਉਪਰਾਲੇ ਨੈ ਮੈਨੂੰ ਫਿਰ ਤੋਂ ਮਜ਼ਬੂਤ ਕੀਤਾ। ਇਟਲੀ ਵਿੱਚ ਕੀਤੀ ਮੇਜ਼ਬਾਨੀ ਬਹੁਤ ਮੋਹ ਭਿੱਜੀ ਸੀ। ਸਮਾਗਮ ਵਿੱਚ ਇੱਕ ਦੂਸਰੇ ਨੂੰ ਮਿਲਣਾ ਜੁਲਣਾ ਕਾਫੀ ਸਨੇਹ ਭਰਿਆ ਸੀ। ਪਾਰਟੀ ਪੰਜਾਬ ਵਾਂਗ ਬਾਹਰ ਟੈਂਟ ਲਗਾ ਕੇ ਕਰਨ ਦਾ ਤੇ ਨਜਾਰਾ ਹੀ ਹੋਰ ਹੈ। ਹੁਣ ਤੇ ਪੰਜਾਬ ਵਿੱਚ ਵੀ ਸਾਰੇ ਪ੍ਰੋਗਰਾਮ ਮੈਰਿਜ ਪੈਲਸ ਅੰਦਰ ਹੀ ਹੁੰਦੇ ਹਨ ਪਰ ਇਸ ਪਾਰਟੀ ਨੇ ਤੇ ਬਹੁਤ ਦਿਲ ਟੁੰਭਿਆ। ਇੱਕ ਦੇ ਉੱਪਰ ਇੱਕ ਕੇਕ ਨੇ ਪਾਰਟੀ ਦਾ ਮਜਾ ਹੀ ਦੂਣਾ ਕਰ ਦਿੱਤਾ। ਰਾਤ 2 ਵਜੇ ਤੱਕ ਨੱਚਦੇ ਰਹੇ। ਨੀਲੇ ਅਸਮਾਨ ਵਿੱਚ ਡੀ.ਜੇ. ਦਾ ਸ਼ੋਰ ਜਿਵੇਂ ਇੱਕ ਵਾਰ ਫਿਰ ਖੁਸ਼ੀ ਵਿੱਚ ਖੀਵੇ ਹੋ ਕੇ ਝੂਮਣ ਦੀ ਦੁਹਾਈ ਦੇ ਰਿਹਾ ਹੋਵੇ। ਇਟਲੀ ਵਿੱਚ ਪੱਗਾਂ ਬੰਨ੍ਹਣ ਵਾਲੇ ਕਾਫੀ ਘੱਟ ਹਨ। ਮੈਂ ਇੱਕ ਲੰਬਾ ਤੇ ਦੂਸਰਾ ਪੱਗ ਵਾਲਾ ਸਾਰਿਆਂ ਤੋਂ ਅਲੱਗ ਹੀ ਨਜ਼ਰ ਆ ਰਿਹਾ ਸੀ। ਕੋਈ 10 ਸਾਲ ਪਹਿਲਾਂ ਦੇ ਵਿਛੜੇ ਮਿੱਤਰਾਂ ਨੂੰ ਦੁਬਾਰਾ ਮਿਲ ਕੇ ਜ਼ਿੰਦਗੀ ਦੁਬਾਰਾ 10 ਸਾਲ ਪਿੱਛੇ ਚਲੀ ਗਈ। ਸਾਰੀ ਰਾਤ ਗੱਲਾਂ ਕਰਦੇ ਰਹੇ ਤੇ ਪਤਾ ਨਹੀਂ ਕਦ ਕੁਰਸੀਆਂ ਤੇ ਹੀ ਸੌਂ ਗਏ। ਅਗਲੀ ਸਵੇਰ ਨੇ ਦਸਤਕ ਯੂਰਪ ਘੁੰਮਣ ਦੀ ਦੇ ਦਿੱਤੀ ਸੀ। ਯੋਜਨਾ ਮੁਤਾਬਿਕ ਸਾਡਾ ਪਹਿਲਾ ਦੇਖਣ ਯੋਗ ਸਥਾਨ ਸੀ ਪਾਣੀ ਵਿੱਚ ਵਸਿਆ ਸ਼ਹਿਰ ਵਨੀਸ਼ੀਆ।
              ..........ਚਲਦਾਂ
ਹਰਕੀਰਤ ਸਿੰਘ ਸੰਧਰ
ਸਿਡਨੀ।
0431209323

ajitsydney@yahoo.com


Viewers  403
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved