Tour & Travel Section
Nov 7

ਯੂਰਪ ਦੀ ਸੈਰ (Part-4) : ਪੈਰਿਸ ਸ਼ਹਿਰ ਦੀ ਜ਼ਿੰਦ-ਜਾਨ ਆਈਫਲ ਟਾਵਰ

ਰਿਹਾਈਨ ਨਦੀ ਤੋਂ ਹੁਣ ਯੂਰਿਕ ਲਈ ਚਾਲੇ ਪਾ ਲਏ। ਕੁੱਝ ਘੰਟੇ ਥਕੇਵਾਂ ਲਾ ਕੇ ਪੈਰਿਸ ਸ਼ਹਿਰ ਨੂੰ ਗੱਡੀ ਭਜਾ ਲਈ। ਯੂਰਿਕ ਤੋਂ ਪੈਰਿਸ ਤਕਰੀਬਨ 600 ਕਿਲੋਮੀਟਰ ਦੀ ਵਿੱਥ ਤੇ ਹੈ ਤੇ ਰੇਲ ਗੱਡੀ ਜਾਂ ਕਾਰ, ਬੱਸਾਂ ਵਿੱਚ ਸਫਰ ਵੀ 6-7 ਘੰਟੇ ਦਾ ਹੀ ਹੈ। A6, A4 ਅਤੇ A3 ਸੜਕਾਂ ਸਿੱਧੀਆਂ ਪੈਰਿਸ ਨੂੰ ਨਿੱਕਲਦੀਆਂ ਹਨ। ਫਰਾਂਸ ਸ਼ਹਿਰ ਦਾ ਸਭ ਤੋਂ ਖੂਬਸੂਰਤ ਸ਼ਹਿਰ ਪੈਰਿਸ ਤੀਸਰੀ ਸਦੀ ਨਙ ਵਿੱਚ ਸੈਲਟਿੱਕ ਲੋਕਾਂ ਨੇ ਲੱਭਿਆ ਸੀ। ਉਹਨਾਂ ਲੋਕਾਂ ਨੂੰ ਪਾਰੀਸੀ ਵੀ ਕਿਹਾ ਜਾਂਦਾ ਹੈ। ਇਸੇ ਤੋਂ ਹੀ ਇਸ ਸ਼ਹਿਰ ਦਾ ਨਾਮ ਪੈਰਿਸ ਪੈ ਗਿਆ। ਫਰਾਂਸ ਦੀ ਰਾਜਧਾਨੀ ਵੀ ਪੈਰਿਸ ਹੀ ਹੈ। ਇਸ ਸ਼ਹਿਰ ਦਾ ਤਕਰੀਬਨ 105 ਕਿਲੋਮੀਟਰ ਵਰਗ ਖੇਤਰਫਲ ਹੈ। 2.244 ਮਿਲੀਅਨ ਲੋਕ ਇਸ ਸ਼ਹਿਰ ਵਿੱਚ ਰਿਹਾਇਸ਼ੀ ਹਨ ਤੇ ਜ਼ਿਆਦਾ ਯਾਤਰੀ ਵੀ ਇਸੇ ਸ਼ਹਿਰ ਵਿੱਚ ਘੁੰਮਣ ਆਉਂਦੇ ਹਨ। ਵੈਸਟਰਨ ਵਰਲਡ ਦਾ ਪੈਰਿਸ ਸਭ ਤੋਂ ਵੱਡਾ ਸ਼ਹਿਰ ਹੈ। ਪੈਰਿਸ ਆਪਣੇ ਆਪ ਵਿੱਚ ਇੱਕ ਇਤਿਹਾਸ ਲਈ ਬੈਠਾ ਹੈ। 
ਯੂਰਿਕ ਤੋਂ ਚਲਦੇ ਅਸੀਂ ਨਾਲ ਕੁੱਝ ਖਾਣ ਦਾ ਸਮਾਨ ਵੀ ਰੱਖ ਲਿਆ। ਆਟੋ (ਫਰੀਹ ਵੇਅ) ਤੇ ਚਲਦਿਆਂ ਇੱਕ ਪਾਸੇ ਆਟੋ ਗਰਿੱਲ ਦਾ ਨਿਸ਼ਾਨ ਆਇਆ। ਅਸੀਂ ਸਾਰੇ ਉੱਥੇ ਰੁਕਣਾ ਚਾਹੁੰਦੇ ਸੀ ਪਰ ਇੱਕ ਦੂਸਰੇ ਨੂੰ ਕਿਸੇ ਨੇ ਵੀ ਨਾ ਕਿਹਾ। ਆਟੋ ਗਰਿੱਲ ਦੇ ਨੇੜੇ ਪਹੁੰਚਣ ਤੇ ਮੈਂ ਕਿਹਾ ਕਿ ਯਾਰ ਇੱਕ ਮਿੰਟ ਇੱਥੇ ਰੁਕ ਲਈਏ। ਜਿਵੇਂ ਸਾਰੇ ਮੇਰੀ ਇਸ ਅਵਾਜ਼ ਨੂੰ ਸੁਣਨ ਲਈ ਹੀ ਰੁਕੇ ਸਨ। ਸਾਰਿਆਂ ਨੇ ਠੀਕ ਕਹਿ ਕੇ ਸਾਡੇ ਡਰਾਈਵਰ ਯਾਰ ਸਨਵੀਰ ਨੇ ਗੱਡੀ ਖੜੀ ਕਰ ਲਈ। ਨੀਗਰੋ ਲੋਕ ਕਾਫੀ ਘੁੰਮਣ ਵਾਲੇ ਆਏ ਲੱਗਦੇ ਸਨ। ਵੱਖ-ਵੱਖ ਭਾਸ਼ਾਵਾਂ ਵਿੱਚ ਹਰ ਟੇਬਲ ਤੇ ਬੈਠੇ ਲੋਕ ਗੱਲਾਂ ਕਰ ਰਹੇ ਸਨ। ਮੈਨੂੰ ਲੱਗਿਆ ਕਿ ਇਹ ਅਸਲ ਵਿੱਚ ਮਲਟੀਕਲਚਰਲ ਹੈ। ਅਸੀਂ ਕੁੱਝ ਖਾ ਪੀ ਕੇ ਫਿਰ ਤੁਰ ਪਏ। ਮੌਸਮ ਸੁਹਾਵਣਾ ਸੀ। ਕੂੰਜਾਂ ਵਰਗੇ ਉਡਦੇ ਜਾਨਵਰਾਂ ਦੀਆਂ ਡਾਰਾਂ ਕਈ ਦਿਖਾਈ ਦਿੱਤੀਆਂ। ਹਰਾ ਭਰਾ ਸਾਰਾ ਰਸਤਾ ਸੀ। ਪੈਰਿਸ ਤੋਂ ਥੋੜਾ ਪਹਿਲਾਂ ਇੱਕ ਕੁੜੀ ਨੇ ਗੱਡੀ ਨੂੰ ਹੱਥ ਦਿੱਤਾ। ਗੱਡੀ ਥੋੜੀ ਉਸ ਤੋਂ ਅੱਗੇ ਰੁਕੀ ਤੇ ਉਹ ਭੱਜ ਕੇ ਆਈ। ਉਹ ਸਾਡੇ ਨਾਲ ਗੱਲ ਕਰਨ ਲੱਗੀ। ਪਤਾ ਨਹੀਂ ਕਿਹੜੀ ਭਾਸ਼ਾ ਬੋਲਦੀ ਸੀ। ਸ਼ਾਇਦ ਉਸ ਦੀ ਬੋਲੀ ਵਿੱਚ ਕੋਈ ਲੋਕਲ ਭਾਸ਼ਾ ਦਾ ਪ੍ਰਭਾਵ ਸੀ। ਅਸੀਂ ਉਸਦੇ ਇਸ਼ਾਰਿਆਂ ਤੋਂ ਸਮਝ ਗਏ ਕਿ ਉਸ ਦੀ ਗੱਡੀ ਖਰਾਬ ਹੈ। ਜਦ ਜਾ ਕੇ ਦੇਖਿਆ ਤਾਂ ਟਾਇਰ ਪੈਂਚਰ ਸੀ। ਅਸੀਂ ਸਾਰਿਆਂ ਆਪਣੀ ਕਲਾ ਦੇ ਜੌਹਰ ਦਿਖਾਏ। 5 ਮਿੰਟਾਂ ਵਿੱਚ ਗੱਡੀ ਤਿਆਰ। ਉਸ ਨੇ ਸਾਡਾ ਸ਼ੁਕਰੀਆ ਅਦਾ ਕਰਦਿਆਂ 'ਬਰੇਵੋ, ਗਰਾਸੈ' ਆਦਿ ਜਿਹੇ ਸ਼ਬਦ ਵਰਤੇ। ਤਕਰੀਬਨ 1 ਕੁ ਵਜੇ ਦੁਪਹਿਰੇ ਅਸੀਂ ਪੈਰਿਸ ਸ਼ਹਿਰ ਦੀ ਜੂਹ ਨੂੰ ਜਾ ਛੂਹਿਆ। ਸ਼ਹਿਰ ਵਿੱਚ ਵੜਦਿਆਂ ਕਈ ਲਿੰਕ ਸੜਕਾਂ ਆਲੇ-ਦੁਆਲੇ ਨੂੰ ਨਿਕਲਦੀਆਂ ਹਨ। ਸ਼ਹਿਰ ਦੇ ਅੰਦਰ ਦਾਖਿਲ ਹੁੰਦੇ ਜਮਾ ਲੁਧਿਆਣੇ ਵਰਗਾ ਲੱਗਿਆ। ਟ੍ਰੈਫਿਕ ਵੀ ਕਾਫੀ ਸੀ। ਅਗਾਂਹ ਐਕਸੀਡੈਂਟ ਸੀ ਤੇ ਸਾਨੂੰ ਹੋਰ ਰਾਹ ਪਾ ਦਿੱਤਾ। ਨੈਵੀਗੇਟਰ ਵੀ ਰਾਹ ਭੁੱਲ ਗਿਆ। ਹੁਣ ਅਸੀਂ ਸ਼ਹਿਰ ਦੇ ਪੂਰਬ ਵੱਲ ਆ ਗਏ। ਪੈਰਿਸ ਸ਼ਹਿਰ ਦੇ ਪਾਸੇ ਇੱਕ ਨਦੀ ਵਗਦੀ ਹੈ। ਸਾਨੂੰ ਕਿਸੀ ਨੇ ਦੱਸਿਆ ਕਿ ਇਸ ਰਿਵਰ ਦੇ ਨਾਲ-ਨਾਲ ਚਲਦੇ ਜਾਓ ਤੇ ਤੁਸੀਂ ਆਈਫਲ ਟਾਵਰ ਪਹੁੰਚ ਜਾਵੋਗੇ। ਸਾਨੂੰ ਦੂਰੋਂ ਹੀ ਆਈਫਲ ਟਾਵਰ ਨਜਰ ਆ ਗਿਆ। ਸੁੰਦਰ-ਸੁੰਦਰ ਰੰਗ ਬਿਰੰਗੇ ਫੁੱਲਾਂ ਦੇ ਵਿਚੋਂ ਦੀ ਬਣੇ ਰਸਤੇ ਤੋਂ ਅਸੀਂ ਆਈਫਲ ਟਾਵਰ ਪਹੁੰਚ ਗਏ। ਕਾਫੀ ਭੀੜ ਸੀ। ਅਸੀਂ ਕਤਾਰ ਵਿੱਚ ਲੱਗ ਗਏ ਆਈਫਲ ਟਾਵਰ ਦੇ ਉੱਪਰ ਚੜਨ ਲਈ। ਟਾਵਰ ਦੇ ਤਿੰਨ ਪਾਸਿਆਂ ਤੋਂ ਉੱਪਰ ਚੜਨ ਲਈ ਲਿਫਟ ਚਲਦੀ ਹੈ। ਟਾਵਰ ਦੇ ਉੱਪਰ ਜਾਣ ਦੇ ਵੀ ਵੱਖ-ਵੱਖ ਪੜਾਅ ਹਨ। ਕੁੱਝ ਲੋਕ ਅੱਧ ਤੱਕ ਹੀ ਜਾਂਦੇ ਹਨ। ਅਸੀਂ ਸਿਰੇ ਤੇ ਜਾ ਚੜੇ। ਜਾਣਕਾਰੀ ਅਨੁਸਾਰ ਇਹ ਟਾਵਰ 324 ਮੀਟਰ ਉੱਚਾ ਹੈ। 81 ਮੰਜਿਲੀ ਕਿਸੀ ਇਮਾਰਤ ਦੇ ਸਮਾਨ ਬਣੇ ਇਸ ਆਈਫਲ ਟਾਵਰ ਦੇ 125 ਮੀਟਰ ਤੇ ਇੱਕ ਅਧਾਰ ਬਣਾਇਆ ਹੈ। ਕੁੱਝ ਥੱਲੇ ਹੀ ਘੁੰਮ ਕੇ ਵਾਪਿਸ ਆ ਜਾਂਦੇ। ਕੁੱਝ ਦੁਕਾਨਾਂ ਵੀ ਹਨ। 1889 ਵਿੱਚ ਬਣੇ ਇਸ ਟਾਵਰ ਦੇ ਅੰਦਰ ਜਾਣ ਲਈ ਲੱਗੀ ਟਿਕਟ ਦੇ ਬਾਵਜੂਦ 2010 ਤੱਕ 250 ਮਿਲੀਅਨ ਲੋਕ ਇਸ ਨੂੰ ਦੇਖਣ ਆਏ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਆਈਫਲ ਟਾਵਰ ਦਾ ਨਾਮ ਇੰਨਜੀਨੀਅਰ ਅਲੈਕਸਜੈਂਡਰ ਗੈਸਟੇਵ ਆਈਫਲ ਦੇ ਨਾਮ ਤੋਂ ਰੱਖਿਆ ਗਿਆ। ਇਸ ਟਾਵਰ ਨੂੰ ਤਿੰਨ ਵੱਖ-ਵੱਖ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਲੈਵਲ ਤੇ ਜਾਣ ਲਈ 300 ਪੌੜੀਆਂ ਵੀ ਹਨ। 28 ਜਨਵਰੀ, 1887 ਨੂੰ ਸ਼ੁਰੂ ਕਰਕੇ 15 ਮਾਰਚ 1889 ਵਿੱਚ ਇਹ ਆਈਫਲ ਟਾਵਰ ਬਣ ਕੇ ਤਿਆਰ ਕਰ ਦਿੱਤਾ ਸੀ। ਵੱਖ-ਵੱਖ ਹਿੱਸਿਆ ਤੋਂ 9 ਲਿਫਟਾਂ ਲਗਾਈਆਂ ਗਈਆਂ ਹਨ। ਟਾਵਰ ਦੇ ਸਿਰੇ ਤੇ ਜਾ ਕੇ ਸਾਰਾ ਸ਼ਹਿਰ ਨਜ਼ਰ ਆਉਂਦਾ ਹੈ। ਸਾਰਾ ਸ਼ਹਿਰ ਚਿੱਟਾ-ਚਿੱਟਾ ਲੱਗਦਾ ਹੈ ਜਿਵੇਂ ਸੰਗਮਰਮਰ ਲੱਗੀ ਹੋਵੇ। ਸਾਰੇ ਸੈਲਫੀ ਸਟਿੱਕ ਲੈ ਕੇ ਫੋਟੋ ਖਿੱਚ ਰਹੇ ਸੀ। ਕੈਫੇ ਵਿੱਚੋਂ ਚਾਹ ਦੀ ਚੁਸਕੀ ਭਰਦੇ ਮੈਂ ਇਹ ਸਵਰਗੀ ਨਜ਼ਾਰਾ ਮਾਣ ਰਿਹਾ ਸੀ। ਵੱਖਰਾ ਹੀ ਅਨੁਭਵ ਸੀ। ਸਾਡੇ ਇੱਕ ਮਿੱਤਰ ਨੇ ਕਿਹਾ ਕਿ ਰਾਤ ਦਾ ਨਜ਼ਾਰਾ ਦੇਖਣ ਵਾਲਾ ਹੈ। ਪੂਰੇ ਆਈਫਲ ਟਾਵਰ ਦੇ ਵਿੱਚ ਜਗਦੀਆਂ-ਬੁਝਦੀਆਂ ਕਾਇਨਾਤ ਵਿੱਚ ਇੱਕ ਵੱਖਰਾ ਰੂਪ ਸਿਰਜਦੀਆਂ ਹਨ। ਅਸੀਂ ਰਾਤ ਰਹਿਣ ਦੀ ਸਲਾਹ ਬਣਾਈ। ਨਾਲ ਵਗਦੀ ਨਹਿਰ ਦੀ ਇੱਕ ਕਿਸ਼ਤੀ ਰਾਹੀਂ ਸ਼ਹਿਰ ਦਾ ਅਨੰਦ ਮਾਨਣ ਲੱਗੇ। ਕੁੱਝ ਲੋਕ ਉਸ ਨਹਿਰ ਰਾਹੀਂ ਕਿਸ਼ਤੀ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ ਤੇ ਆਉਣ ਜਾਣ ਦਾ ਕੰਮ ਵੀ ਕਰਦੇ ਹਨ। ਸਮਾਂ ਕੋਈ ਰਾਤ ਦੇ 11 ਕੁ ਵਜੇ ਦਾ ਹੋ ਗਿਆ ਸੀ। ਮੈਂ ਇਹ ਦੇਖ ਕੇ ਦੰਗ ਰਹਿ ਗਿਆ ਕਿ ਜਿਹੜੇ ਦਿਨ ਆਈਫਲ ਟਾਵਰ ਦੇ ਮਾਡਲ ਤੇ ਹੋਰ ਖਿਡੌਣੇ ਵੇਚਦੇ ਸਨ ਉਹ ਹੁਣ ਬਾਲਟੀ ਵਿੱਚ ਪਾ ਕੇ ਵੀਅਰ, ਬਿਸਕੀ ਤੇ ਸ਼ਰਾਬ ਵੇਚ ਰਹੇ ਸਨ। ਵੇਚਣ ਵਾਲੇ ਬਹੁਤੇ ਬੰਗਲਾਦੇਸ਼ੀ ਤੇ ਪੰਜਾਬੀ ਮੁੰਡੇ ਸਨ। ਉੱਥੇ ਸ਼ਰਾਬ ਵੇਚਣੀ ਗੈਰ-ਕਾਨੂੰਨੀ ਸੀ, ਪਰ ਉਹ ਚੋਰੀ ਛਿਪੇ ਵੇਚ ਰਹੇ ਸਨ। ਪੰਜਾਬੀਆਂ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਲਈ ਦਿਲ ਥੋੜਾ ਦੁਖੀ ਹੋਇਆ, ਪਰ ਤਿਓਂ ਆਈਫਲ ਟਾਵਰ ਦੀਆਂ ਬੱਤੀਆਂ ਜਗਣ-ਬੁਝਣ ਲੱਗੀਆਂ। ਬਹੁਤ ਹੀ ਮਨਮੋਹਕ ਦ੍ਰਿਸ਼ ਸੀ। ਵੱਖ-ਵੱਖ ਭਾਸ਼ਾਵਾਂ ਵਿੱਚ ਗੀਤ ਗਾਉਣ ਦੀਆਂ ਅਵਾਜ਼ਾਂ ਹਵਾ ਵਿੱਚ ਸੁਗੰਧ ਘੋਲ ਰਹੀਆਂ ਸਨ। ਘੁੰਮਦੇ-ਘੁੰਮਦੇ ਚਾਰ ਵੱਜ ਗਏ। ਅਸੀਂ ਕਿਸ਼ਤੀ ਵਾਲੇ ਇੱਕ ਹੋਟਲ ਕਿਰਾਏ ਤੇ ਲਿਆ ਤੇ ਤੜਕਸਾਰ ਜਾ ਸੌਂ ਗਏ। ਅਗਲੀ ਸਵੇਰ ਵਾਪਿਸ ਇਟਲੀ ਆਉਣੀ ਦੀ ਸੀ। ਰੋਮ ਵਾਲੇ ਮਿੱਤਰ ਚਿਰ ਦੀ ਉਡੀਕ ਕਰ ਰਹੇ ਸਨ। 
                                                                                                                                    .......ਚਲਦਾਂ 
ਹਰਕੀਰਤ ਸਿੰਘ ਸੰਧਰ
0061 431 209 323


Viewers  399
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved