Tour & Travel Section
Mar 24

ਹਿਮਾਚਲ ਦੀ ਗੋਦ ਵਿੱਚੋਂ…

ਅਕਤੂਬਰ ਦੇ ਮਹੀਨੇ ਪੂਰੇ ਉੱਤਰੀ ਭਾਰਤ ਦਾ ਮੌਸਮ ਸੁਹਾਵਣਾ ਹੋ ਜਾਂਦਾ ਹੈ। ਪਰ, ਬਰਸਾਤ ਦੀ ਰੁੱਤ ਲੰਘਣ ਉਪਰੰਤ ਹਿਮਾਚਲ ਪ੍ਰਦੇਸ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲੱਗ ਜਾਂਦੇ ਹਨ। ਸਕੂਲ ਤੋਂ ਤਿੰਨ ਕੁ ਦਿਨਾਂ ਦੀਆਂ ਛੁੱਟੀਆਂ ਸਨ, ਸੋਚਿਆ ਕਿਉਂ ਨਾ ਕਿਸੇ ਪਾਸੇ ਘੁੰਮ ਲਿਆ ਜਾਵੇ। ਦੋਸਤਾਂ ਨਾਲ ਰਾਬਤਾ ਕਾਇਮ ਕੀਤਾ ਤੇ ਸ਼ੁੱਕਰਵਾਰ ਸਵੇਰੇ ਸੱਤ ਕੁ ਵਜੇ ਕਮਲ, ਡਿੰਪਲ, ਅਨਿਲ, ਅਮਰਿੰਦਰ, ਰੱਜਤ, ਗੋਪੀ ਅਤੇ ਮੈਂ, ਵੇਰਕਾ ਮਿਲਕ ਪਲਾਂਟ ਲੁਧਿਆਣਾ ਅੱਗੋਂ ਇਕੱਠੇ ਹੋ ਕੇ ਦੇਵ-ਭੂਮੀ ਹਿਮਾਚਲ ਲਈ ਚੱਲ ਪਏ।
             ਦੋ ਕੁ ਘੰਟਿਆਂ ਦੇ ਸਫਰ ਪਿੱਛੋਂ ਪੰਜਾਬ ਦੀ ਹੱਦ ਟੱਪਦਿਆਂ ਹੀ ਗੋਪੀ ਨੇ ਤਰੋ-ਤਾਜੇ ਹੋਣ ਲਈ ਹੋਟਲ ਮਾਊਂਟ ਵਿਊ ਅੱਗੇ ਬਰੇਕ ਜਾ ਮਾਰੀ। ਥੋੜੀ-ਥੋੜੀ ਭੁੱਖ ਵੀ ਜਾਗ ਪਈ ਸੀ, ਸੋ ਤੰਦੂਰੀ ਪਰੌਠੇ, ਦਹੀਂ, ਮੱਖਣ ਅਤੇ ਚਾਹ ਨਾਲ ਨਾਸ਼ਤਾ ਕਰਕੇ ਅਸੀਂ ਅੱਗੇ ਚਾਲੇ ਪਾ ਦਿੱਤੇ। ਇਸ ਯਾਤਰਾ ਦਾ ਸਾਡਾ ਪਹਿਲਾ ਪੜਾਅ 'ਮਸਰੂਰ ਕੱਟ ਮੰਦਰ' ਸੀ। ਦੇਹਰਾ ਤੋਂ ਬਾਹਰ ਨਿਕਲਦਿਆਂ ਅਸੀਂ ਨਗਰੋਟਾ ਲਿੰਕ ਸੜਕ 'ਤੇ ਜਾ ਚੜ੍ਹੇ। ਹਿਮਾਚਲ ਦੇ ਛੋਟੇ-ਛੋਟੇ ਪਿੰਡਾਂ ਵਿੱਚੋਂ ਲੰਘਦੇ ਹੋਏ ਅਸੀਂ ਪਰਾਗਪੁਰ ਪਹੁੰਚੇ। ਪਤਾ ਲੱਗਾ ਕਿ ਇਥੋਂ ਦੀ 'ਜੱਜ ਕੋਰਟ' ਵੇਖਣਯੋਗ ਜਗ੍ਹਾ ਹੈ। ਇਥੇ ਦਸ-ਬਾਰ੍ਹਾਂ ਏਕੜ ਵਿੱਚ  ਅੰਬ, ਆਲੂ-ਬੁਖਾਰੇ, ਆੜੂ, ਨਾਸ਼ਪਾਤੀ ਅਤੇ ਹੋਰ ਬਹੁਤ ਸਾਰੇ ਫਲਾਂ ਦੇ ਸੰਘਣੇ ਬਾਗ ਦੇ ਵਿਚਕਾਰ ਲੱਗਭਗ ਤਿੰਨ ਸਦੀਆਂ ਪਹਿਲਾਂ ਬਣੀ ਇੱਕ ਖੂਬਸੂਰਤ ਹਵੇਲੀ ਬਣੀ ਹੋਈ ਹੈ। ਇਥੋਂ ਦੇ ਇੱਕ ਅਮੀਰ ਸੇਠ ਭੰਡਾਰੀ ਰਾਮ ਨੇ ਇਹ ਜਗ੍ਹਾ ੧੯੧੪ ਵਿੱਚ ਖਰੀਦ ਕੇ ਇਸ ਹਵੇਲੀ ਨੂੰ ਇੰਡੋ-ਯੂਰਪੀਅਨ ਛੋਹ ਦੇ ਕੇ ਹੋਰ ਵੀ ਸ਼ਿੰਗਾਰਿਆ ਅਤੇ ਆਪਣੇ ਪੁੱਤਰ ਜਸਟਿਸ ਸਰ ਜੈ ਲਾਲ ਨੂੰ ਤੋਹਫੇ ਵਜੋਂ ਪੇਸ਼ ਕੀਤੀ ਸੀ, ਜੋ ਬਾਅਦ ਵਿੱਚ ਜੱਜ ਕੋਰਟ ਵਜੋਂ ਪ੍ਰਸਿੱਧ ਹੋ ਗਈ। ਅੱਜਕਲ੍ਹ ਇਸ ਹਵੇਲੀ ਨੂੰ ਜਸਟਿਸ ਸਾਹਿਬ ਦਾ ਪੋਤਰਾ ਵਿਜੈ ਲਾਲ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ 'ਕੰਟਰੀ ਹੋਟਲ' ਵਜੋਂ ਚਲਾ ਰਿਹਾ ਹੈ। ਕੁਝ ਸਮਾਂ ਇਥੇ ਰੁਕਣ ਪਿੱਛੋਂ ਵੀਹ ਕੁ ਕਿਲੋਮੀਟਰ ਦਾ ਸਫਰਹੋਰ ਤਹਿ ਕਰਕੇ ਅਸੀਂ ਇੱਕ ਪਥਰੀਲੀ ਪਹਾੜੀ 'ਤੇ ਬਣੇ 'ਮਸਰੂਰ ਕੱਟ ਮੰਦਰ' ਪਹੁੰਚੇ। ਮੰਨਿਆ ਜਾਂਦਾ ਹੈ ਕਿ ਇਹ ਮੰਦਰ ਪੱਲਵ ਰਾਜੇ ਨਰਸਿੰਗਾ ਵਰਮਨ ਦੇ ਸਮੇਂ ਸੱਤਵੀਂ ਸਦੀ ਦੇ ਮੱਧ ਵਿੱਚ ਬਣਿਆ ਸੀ। ਇੱਕ ਹੀ ਪੱਥਰ ਨੂੰ ਕੱਟ ਕੇ ਮੰਦਰ ਦੀ ਉਸਾਰੀ ਕਰਨਾ ਉਸ ਸਮੇਂ ਦੀ ਬਹੁਤ ਹੀ ਕਠਿਨ ਭਵਨ ਉਸਾਰੀ ਕਲਾ ਸੀ। 'ਕੈਲਾਸ਼ ਮੰਦਰ' ਐਲੋਰਾ ਇਸੇ ਸ਼ੈਲੀ ਦੀ ਇੱਕ ਪ੍ਰਸਿੱਧ ਉਦਾਹਰਨ ਕਹੀ ਜਾ ਸਕਦੀ ਹੈ। ਇਸ ਮੰਦਰ ਵਿੱਚ ਸ਼੍ਰੀ ਰਾਮ ਚੰਦਰ, ਸ਼੍ਰੀ ਲਛਮਣ ਅਤੇ ਮਾਤਾ ਸੀਤਾ ਦੀਆਂ ਪੁਰਾਤਨ ਮੂਰਤੀਆਂ ਸੁਸ਼ੋਭਤ ਹਨ। ਮੰਦਰ ਦੀਆਂ ਕੰਧਾਂ 'ਤੇ ਅਣ-ਗਿਣਤ ਮੂਰਤੀਆਂ ਉੱਕਰੀਆਂ ਹੋਈਆਂ ਹਨ, ਜੋ ਕਿ ਸਾਡੀ ਭਾਰਤੀ ਵਿਰਾਸਤ ਦੀ ਮੂੰਹ ਬੋਲਦੀ ਤਸਵੀਰ ਹਨ। ਮੰਦਰ ਦੇ ਬਿਲਕੁਲ ਸਾਹਮਣੇ ਇੱਕ ਪੁਰਾਤਨ ਸਰੋਵਰ ਵੀ ਬਣਿਆ ਹੋਇਆ ਹੈ। ਸਰੋਵਰ ਦੇ ਨੀਲੇ-ਨੀਲੇ ਪਾਣੀ ਵਿੱਚੋਂ ਹਲਕੇ ਭੂਰੇ ਰੰਗ ਦਾ ਇਹ ਮੰਦਰ ਹੋਰ ਵੀ ਮਨਮੋਹਕ ਵਿਖਾਈ ਦਿੰਦਾ ਹੈ। ਸੈਲਾਨੀ ਇਥੇ ਖੜ੍ਹ ਕੇ, ਬਰਫ ਨਾਲ ਲੱਦੀਆਂ ਧੌਲਾਧਾਰ ਪਹਾੜੀ ਸ਼੍ਰੇਣੀਆਂ ਵੇਖਣ ਦਾ ਲੁਤਫ ਲੈਂਦੇ ਹਨ। ਸੂਰਜ ਛੁਪਣ ਸਮੇਂ ਦੀਆਂ ਕਿਰਨਾਂ ਇਸ ਮੰਦਰ ਦੀ ਖੂਬਸੂਰਤੀ ਨੂੰ ਹੋਰ ਵੀ ਯਾਦਗਾਰੀ ਬਣਾ ਦਿੰਦੀਆਂ ਹਨ। ਅੱਜਕੱਲ੍ਹ ਭਾਰਤ ਦਾ ਪੁਰਾਤੱਤਵ ਸਰਵੇਖਣ ਵਿਭਾਗ ਇਸ ਮੰਦਰ ਦੀ ਦੇਖ-ਭਾਲ ਕਰ ਰਿਹਾ ਹੈ। ਇਥੇ ਬਣੀ ਛੋਟੀ ਜਹੀ ਦੁਕਾਨ ਤੋਂ ਜੂਸ ਦੀਆਂ ਡੱਬੀਆਂ ਫੜ ਕੇ ਅਸੀਂ ਆਪਣੀ ਗੱਡੀ ਵਿੱਚ ਆ ਬੈਠੇ।
                   ਪਿੰਡਾਂ ਦੀਆਂ ਛੋਟੀਆਂ-ਛੋਟੀਆਂ, ਟੇਢੀਆਂ-ਮੇਢੀਆਂ ਸੜਕਾਂ ਤੋਂ ਹੁੰਦੇ ਹੋਏ ਅਸੀਂ ਫਿਰ ਚਿੰਤਪੁਰਨੀ-ਕਾਂਗੜਾ ਸੜਕ ਫੜ ਲਈ, ਕਿਉਂਕਿ ਸਾਡਾ ਅਗਲਾ ਠਿਕਾਣਾ ਕਾਂਗੜੇ ਦਾ ਕਿਲਾ ਸੀ। ਭਾਰਤ ਦੇ ਪ੍ਰਾਚੀਨ ਕਿਲਿਆਂ ਵਿੱਚੋਂ ਇੱਕ, ਇਹ ਕਿਲਾ ਸ਼ਹਿਰ ਤੋਂ ਬਾਹਰਵਾਰ, ਜਾਂਦਿਆਂ ਨੂੰ ਖੱਬੇ ਹੱਥ ਇੱਕ ਪਹਾੜੀ ਦੀ ਚੋਟੀ 'ਤੇ ਬਣਿਆ ਵਿਖਾਈ ਦਿੰਦਾ ਹੈ। ਪੱਥਰ ਦੇ ਵੱਡੇ-ਵੱਡੇ ਚੌਰਸ ਟੁਕੜਿਆਂ ਨਾਲ ਬਣਿਆ ਇਹ ਵਿਸ਼ਾਲ ਕਿਲਾ ਪੁਰਾਤਨ ਭਵਨ ਉਸਾਰੀ ਕਲਾ ਦਾ ਨਮੂਨਾ ਆਪ ਹੈ। ਇਸ ਕਿਲੇ ਦੇ ਚਾਰੇ ਪਾਸੇ ਕੁਦਰਤੀ ਤੌਰ 'ਤੇ ਬਣੀ ਡੂੰਘੀ ਖਾਈ ਇਸ ਦੀ ਸੁਰੱਖਿਆ ਨੂੰ ਹੋਰ ਵੀ ਵਧਾaੁਂਦੀ ਹੋਵੇਗੀ।ਇਸ ਕਿਲੇ ਨੂੰ ਕਟੌਚ ਵੰਸ਼ ਦੇ ਸ਼ਾਹੀ ਰਾਜਪੂਤਾਂ ਨੇ ਬਣਵਾਇਆ ਸੀ। ਇਥੇ ਮਹਾਨ ਰਾਜਾ ਅਸ਼ੌਕ ਵੱਲੋਂ ਚੌਥੀ ਸਦੀ ਪੂਰਬ 'ਚ ਲੜੀ ਲੜਾਈ ਦੇ ਚਿੰਨ ਅੱਜ ਵੀ ਮਿਲਦੇ ਹਨ। ਮਹਿਮੂਦ ਗਜਨਵੀ ਨੇ ੧੦੦੯ ਈ: ਵਿੱਚ ਇਸ ਕਿਲੇ ਨੂੰ ਆਪਣੇ ਕਬਜੇ ਵਿੱਚ ਕੀਤਾ। ਕਿਹਾ ਜਾਂਦਾ ਹੈ ਕਿ ਮੁਹੰਮਦ ਬਿਨ ਤੁਗਲਕ ਨੇ ੧੩੩੭ ਈ: ਇਸ ਕਿਲੇ 'ਤੇ ਜਿੱਤ ਪ੍ਰਾਪਤ ਕੀਤੀ ਸੀ। ਸਤਾਰਵੀਂ ਸਦੀ ਦੌਰਾਨ ਮੁਗਲ ਬਾਦਸ਼ਾਹ ਜਹਾਂਗੀਰ ਦੀਆਂ ਫੌਜਾਂ ਨੇ ਵੀ ਇਸ ਨੂੰ ਆਪਣੇ ਅਧੀਨ ਕੀਤਾ। ਸਿੱਖ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ੧੮੦੯ ਈ: ਵਿੱਚ ਇਸ ਕਿਲੇ ਨੂੰ ਜਿੱਤ ਕੇ ਆਪਣਾ ਲੋਹਾ ਮਨਵਾਇਆ।ਇਸ ਦੇ ਮੁੱਖ ਦਰਵਾਜੇ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਮ 'ਤੇ ਹੀ ਹੈ।ਇਸ ਕਿਲੇ ਦੇ ਅੰਦਰ ਬਣੇ ਪ੍ਰਾਚੀਨ ਲਕਸ਼ਮੀ ਨਰਾਇਣ ਮੰਦਰ ਅਤੇ ਮਾਂ ਅੰਬੇ ਮੰਦਰ ਅੱਜ ਵੀ ਮਾਨਤਾ ਰੱਖਦੇ ਹਨ। ਕਿਲੇ ਵਿੱਚ ਕੁਝ ਸਮਾਂ ਘੁੰਮਣ ਤੋਂ ਬਾਅਦ ਅਸੀਂ ਇਸ ਦੇ ਬਾਹਰ ਬਣੇ 'ਮਹਾਰਾਜਾ ਸੰਸਾਰ ਚੰਦ ਕਟੌਚ ਅਜਾਇਬ ਘਰ' ਵਿੱਚ ਆ ਗਏ। ਇਥੇ ਚੌਥੀ ਸਦੀ ਪੂਰਵ ਤੋਂ ਲੈ ਕੇ ਅੱਠਵੀਂ-ਨੌਵੀਂ ਸਦੀ ਤੱਕ ਦੇ ਇਤਿਹਾਸ ਨੂੰ ਦਰਸਾਉਂਦੀਆਂ ਪੁਰਾਤਨ ਮੂਰਤੀਆਂ ਬੜੀਆਂ ਹੀ ਸੋਹਜਮਈ ਢੰਗ ਨਾਲ ਰੱਖੀਆਂ ਹੋਈਆਂ ਹਨ।           
                    ਪਾਲਮਪੁਰ ਤੋਂ ਬਾਹਰ ਅਸੀਂ ਇੱਕ ਢਾਬੇ 'ਤੇ ਰੁਕ ਕੇ ਚਾਹ ਪੀਤੀ ਅਤੇ ਫਿਰ ਪਠਾਨਕੋਟ-ਮੰਡੀ ਹਾਈ-ਵੇਅ 'ਤੇ ਬਣਿਆ ਪੁਰਾਤਨ ਬੈਜਨਾਥ ਮੰਦਰ ਵੇਖਣ ਲਈ ਚੱਲ ਪਏ। ਸ਼ਾਮ ਦਾ ਸਮਾਂ ਹੋਣ ਕਰਕੇ ਠੰਢੀ-ਠੰਢੀ ਹਵਾ ਰੁਮਕ ਰਹੀ ਸੀ। ਚਾਰੇ ਪਾਸੇ ਹਰੇ-ਕਚੂਰ ਦਰਖਤ ਅਤੇ ਚਾਹ ਦੇ ਲਛ-ਲਛ ਕਰਦੇ ਬਾਗ ਅੱਖਾਂ ਨੂੰ ਸਕੂਨ ਦੇ ਰਹੇ ਸਨ। ਬਿਨਵਾ ਨਦੀ 'ਤੇ ਬਣਿਆ ਪੁਲ ਪਾਰ ਕਰਦਿਆਂ ਹੀ ਸਾਨੂੰ ਖੱਬੇ ਹੱਥ ਮੰਦਰ ਵਿਖਾਈ ਦਿੱਤਾ। ਅਸੀਂ ਸ਼ਹਿਰ ਵਿੱਚੋਂ ਲੰਘੇ ਅਤੇ ਆਪਣੀ ਗੱਡੀ ਪਾਰਕਿੰਗ ਵਿੱਚ ਖੜ੍ਹੀ ਕਰਕੇ ਹਰੇ-ਹਰੇ ਘਾਹ ਦੇ ਮੈਦਾਨਾਂ ਦੇ ਵਿਚਕਾਰ ਤਰਾਸ਼ੇ ਹੋਏ ਪੱਥਰਾਂ ਦੇ ਬਣੇ ਇਸ ਸ਼ਿਵ ਮੰਦਰ ਵੱਲ ਵਧੇ। ਇਹ ਮੰਦਰ ੧੩ਵੀਂ ਸਦੀ ਦੇ ਸ਼ੁਰੂ ਵਿੱਚ ਇਥੋਂ ਦੇ ਦੋ ਕਾਰੀਗਰ ਭਰਾਵਾਂ ਨੇ ਸ਼ਿਵ ਜੀ ਦੀ ਉਪਾਸਨਾ ਵਿੱਚ ਬਣਾਇਆ ਸੀ। ਇਸ ਮੰਦਰ ਦੀ ਉਸਾਰੀ ਸ਼ੈਲੀ ਦੱਖਣੀ ਭਾਰਤ ਦੇ ਪੁਰਾਤਨ ਮੰਦਰਾਂ ਵਾਲੀ ਹੀ ਹੈ। ਮੰਦਰ ਦੀ ਹਰ ਕੰਧ ਅਤੇ ਥੰਮਲੇ ਉੱਪਰ ਸੈਂਕੜੇ ਮੂਰਤੀਆਂ ਉੱਕਰੀਆਂ ਹੋਈਆਂ ਨਜਰ ਆ ਰਹੀਆਂ ਹਨ। ਮੁੱਖ ਮੰਦਰ ਦੇ ਦਰਵਾਜੇ ਦੇ ਸਾਹਮਣੇ ਇੱਕ ਬਲਦ 'ਨੰਦੀ' ਦੀ ਮੂਰਤੀ ਹੈ, ਜਿਸ ਦੇ ਕੰਨ੍ਹਾਂ ਕੋਲ ਸ਼ਰਧਾਲੂ ਆਪਣੀਆਂ ਸੁੱਖਣਾਂ ਮੰਗ ਰਹੇ ਸਨ ਅਤੇ ਅੰਦਰ ਸ਼ਿਵ-ਲਿੰਗ ਸਥਾਪਿਤ ਹੈ। ਮੰਦਰ ਦੀ ਇਮਾਰਤ ਭਾਵੇਂ ਬਹੁਤੀ ਵੱਡੀ ਨਹੀਂ, ਪਰ ਇਸ ਦੀ ਸੁੰਦਰਤਾ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਜਰੂਰ ਕਰਦੀ ਹੈ। ਸੂਰਜ ਢਲ ਰਿਹਾ ਸੀ, ਅਸੀਂ ਚਾਹੁੰਦੇ ਹੋਏ ਵੀ ਉੱਥੇ ਬਹੁਤਾ ਸਮਾਂ ਨਾ ਰੁਕ ਸਕੇ।
            ਅੱਧੇ ਕੁ ਘੰਟੇ ਵਿੱਚ ਅਸੀਂ ਬੀੜ ਪਹੁੰਚ ਗਏ। ਇਸ ਜਗ੍ਹਾ ਨੂੰ ਰਾਜਾ ਸਿੰਧ ਸੇਨ ਨੇ ੧੭੨੮ ਈ: ਵਿੱਚ ਵਸਾਇਆ ਸੀ। ਚਾਹ ਦੇ ਹਰੇ-ਭਰੇ ਬਾਗਾਂ ਵਿੱਚੋਂ ਸੱਪ ਵਾਂਗ ਵਲ ਖਾਂਦੀਆਂ ਸੜਕਾਂ ਇਸ ਦੀ ਸੁੰਦਰਤਾ ਵਿੱਚ ਚੋਖਾ ਵਾਧਾ ਕਰਦੀਆਂ ਹਨ, ਜਿਨ੍ਹਾਂ ਉੱਤੇ ਸਫਰ ਕਰਨ ਦਾ ਆਪਣਾ ਹੀ ਆਨੰਦ ਹੈ। ਸਾਡਾ ਰਾਤ ਨੂੰ ਬਲਿੰਗ ਰੁਕਣ ਦਾ ਪ੍ਰੋਗਰਾਮ ਸੀ, ਜੋ ਇਥੋਂ ਚੌਦਾਂ ਕਿਲੋਮੀਟਰ ਦੂਰ ਹੈ। ਬਲਿੰਗ ਨੂੰ ਜਾਣ ਵਾਲਾ ਰਸਤਾ ਪਹਾੜੀ ਅਤੇ ਕਾਫੀ ਤੰਗ ਸੀ। ਉੱਥੇ ਪਹੁੰਚਣ ਤੱਕ ਦੂਰ-ਦੂਰ ਜਗਦੀਆਂ ਲਾਇਟਾਂ ਨਜਰ ਆਉਂਣ ਲੱਗ ਪਈਆਂ ਸਨ।
            ਗੱਡੀ ਵਿੱਚੋਂ ਉੱਤਰੇ ਤਾਂ ਬਹੁਤ ਠੰਢ ਮਹਿਸੂਸ ਹੋ ਰਹੀ ਸੀ। ਅਸੀਂ ਆਪਣੀਆਂ ਜੈਕਟਾਂ ਪਾ ਕੇ, ਉੱਥੇ ਦੀ ਇਕਲੌਤੀ ਛੋਟੀ ਜਿਹੀ ਟੱਕ-ਸ਼ਾਪ ਵੱਲ ਵਧੇ। ਹਨੇਰਾ ਕਾਫੀ ਹੋਣ ਕਰਕੇ ਆਲੇ-ਦੁਆਲੇ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ। ਇਥੇ ਬਿਜਲੀ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਜੈਨਰੇਟਰ ਤੋਂ ਕੰਮ ਲਿਆ ਜਾਂਦਾ ਹੈ। ਨੇੜੇ ਪਹੁੰਚੇ ਤਾਂ ਵੇਖਿਆ ਕਿ ਉੱਥੇ ਵਿਦੇਸ਼ੀ ਸੈਲਾਨੀਆਂ ਦੀ ਭਰਮਾਰ ਸੀ। ਜਿਨ੍ਹਾਂ ਵਿੱਚੋਂ ਬਹੁਤੇ ਬੀਅਰ ਜਾਂ ਵਿਸਕੀ ਦੇ ਸਰੂਰ ਵਿੱਚ, ਡੀ.ਜੇ. ਉੱਤੇ ਵੱਜ ਰਹੇ ਵੈਸਟਨ ਸੰਗੀਤ ਦੀਆਂ ਧੁਨਾਂ 'ਤੇ ਨੱਚ ਰਹੇ ਸਨ, ਅਤੇ ਕੁਝ ਲੱਕੜਾਂ ਦੀ ਬਲ ਰਹੀ ਅੱਗ ਦੇ ਨੇੜੇ ਬੈਠ ਕੇ ਰਾਤ ਦਾ ਖਾਣਾ ਖਾ ਰਹੇ ਸਨ। ਸਾਡਾ ਫੋਨ 'ਤੇ ਰਾਬਤਾ ਹੋਣ ਕਰਕੇ ਟੱਕ-ਸ਼ਾਪ ਦੇ ਮੈਨੇਜਰ ਨੇ ਸਾਡੇ ਰਾਤ ਦੇ ਖਾਣੇ ਅਤੇ ਨੇੜੇ ਦੀ ਇੱਕ ਪੱਧਰੀ ਥਾਂ 'ਤੇ ਸਾਡੇ ਰਾਤ ਰੁਕਣ ਲਈ ਤਿੰਨ ਛੋਟੇ-ਛੋਟੇ ਤੰਬੂਆਂ ਦਾ ਪ੍ਰਬੰਧ ਕੀਤਾ ਹੋਇਆ ਸੀ। ਅਸੀਂ ਖਾਣਾ ਖਾਧਾ ਅਤੇ ਆਪਣੇ ਬੈਗ ਲੈ ਕੇ ਤੰਬੂਆਂ ਵਿੱਚ ਜਾ ਵੜੇ। ਹਵਾ ਬਹੁਤ ਹੀ ਠੰਢੀ ਸੀ, ਪਹਾੜੀ ਇਲਾਕੇ ਵਿੱਚ ਤੰਬੂ ਵਿੱਚ ਰਾਤ ਗੁਜਾਰਨ ਦਾ ਇਹ ਬੜਾ ਅਸਚਰਜਮਈ ਤਜਰਬਾ ਸੀ।
                ਸਵੇਰ ਹੋਈ, ਤੰਬੂ ਦੀ ਚੇਨ ਖੋਲ੍ਹ ਕੇ ਸਿਰ ਬਾਹਰ ਕੱਢਿਆ ਤਾਂ ਬੱਸ ਇਉਂ ਜਾਪਿਆ ਜਿਵੇਂ ਕਿਸੇ ਹੋਰ ਦੁਨੀਆ ਵਿੱਚ ਹੋਈਏ। ਚਾਰੇ ਪਾਸੇ ਪੂਰੀ ਸ਼ਾਂਤੀ ਸੀ, ਮੱਠੀ-ਮੱਠੀ ਸ਼ੀਤ ਹਵਾ ਵਗ ਰਹੀ ਸੀ। ਸਾਡੇ ਆਲੇ-ਦੁਆਲੇ ਹਰੇ-ਕਚੂਰ ਘਾਹ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਵਿਦੇਸ਼ੀ ਸ਼ੈਲਾਨੀ ਵੀ ਦੇਰ ਰਾਤੀਂ ਵਾਪਸ ਬੀੜ ਦੇ ਹੋਟਲਾਂ ਵਿੱਚ ਜਾ ਟਿਕੇ ਸਨ। ਅਸੀਂ ਬਾਹਰ ਨਿਕਲ ਕੇ ਫਰੈੱਸ਼ ਹੋਏ। ਟੱਕ-ਸ਼ਾਪ ਤੋਂ ਚਾਹ ਪੀਤੀ।ਫਿਰ ਕੁਝ ਸਮਾਂ ਇਧਰ-ਉਧਰ ਦੀਆਂ ਪਹਾੜੀਆਂ 'ਤੇ ਟਹਿਲਦੇ ਰਹੇ। ਦੂਰੋਂ ਸਾਡੇ ਰੰਗ-ਬਰੰਗੇ ਤੰਬੂ ਪਹਾੜੀਆਂ ਵਿੱਚਕਾਰ ਬੜੇ ਦਿਲ-ਖਿੱਚਵੇਂ ਲੱਗ ਰਹੇ ਸਨ। ਅਜੇ ਅਸੀਂ ਨਾਸ਼ਤਾ ਕਰ ਹੀ ਰਹੇ ਸਾਂ, ਕਿ ਬੀੜ ਵੱਲੋਂ ਵਿਦੇਸ਼ੀ ਯਾਤਰੀਆਂ ਦੀਆਂ ਟੈਕਸੀਆਂ ਪਹੁੰਚਣ ਲੱਗ ਪਈਆਂ , ਜਿਨ੍ਹਾਂ ਨੇ ਆਪਣੀਆਂ ਪਿੱਠਾਂ 'ਤੇ ਵੱਡੇ-ਵੱਡੇ ਬੈਗ ਬੰਨ੍ਹੇ ਹੋਏ ਸਨ। ਬਲਿੰਗ ਨੂੰ 'ਪੈਰਾਗਲਾਇਡਿੰਗ ਸਾਇਟ' ਵਜੋਂ ਸੰਸਾਰ ਪੱਧਰ ਦੀ ਪ੍ਰਸਿੱਧੀ ਪ੍ਰਾਪਤ ਹੈ। ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਹਜਾਰਾਂ ਵਿਦੇਸ਼ੀ ਸੈਲਾਨੀ ਇਥੇ ਪੈਰਾਗਲਾਇਡਿੰਗ ਕਰਨ ਲਈ ਆਉਦੇ ਹਨ। ਜੋ ਇਸ ਇਲਾਕੇ ਦੇ ਲੋਕਾਂ ਲਈ ਆਮਦਨ ਦਾ ਵੱਡਾ ਸਰੋਤ ਸਿੱਧ ਹੁੰਦੇ ਹਨ। ਉਸ ਦਿਨ ਉੱਥੇ 'ਪੈਰਾਗਲਾਇਡਿੰਗ ਪ੍ਰੀ-ਵਰਲਡ ਕੱਪ' ਹੋ ਰਿਹਾ ਸੀ, ਜੋ ਹਿਮਾਚਲ ਟੂਰਇਜਮ ਵਿਭਾਗ ਅਤੇ ਬਲਿੰਗ ਐਡਵੈਂਚਰ ਕਲੱਬ ਸਾਂਝੇ ਤੌਰ 'ਤੇ ਹਰ ਸਾਲ ਕਰਵਾਉਦਾ ਹੈ।ਦਸ ਕੁ ਵਜੇ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪਾਇਲਟ ਜਿਨ੍ਹਾਂ ਵਿੱਚ ਤਕਰੀਬਨ ਬਹੁਤੇ ਵਿਦੇਸ਼ੀ ਹੀ ਸਨ, ਆਪਣੇ-ਆਪਣੇ  ਪੈਰਾਗਲਾਇਡਰ ਲੈ ਕੇ ਉਡਾਣਾਂ ਭਰਨ ਲੱਗ ਪਏ। ਇਹ ਸਿਲਸਲਾ ਦੁਪਹਿਰ ਦੋ ਵਜੇ ਤੱਕ ਚਲਦਾ ਰਿਹਾ। ਅਸਮਾਨ ਵਿੱਚ ਉੱਡ ਰਹੇ ਸੈਂਕੜੇ ਪੈਰਾਗਲਾਇਡਰ ਪੰਛੀਆਂ ਦੀਆਂ ਡਾਰਾਂ ਦਾ ਭੁਲੇਖਾ ਪਾ ਰਹੇ ਸਨ। ਇਹਨਾਂ ਨਜਾਰਿਆਂ ਨੂੰ ਮਾਣਦੇ ਹੋਏ ਅਸੀਂ ਗੱਡੀ ਲੈ ਕੇ ਬੀੜ ਉਸ ਥਾਂ 'ਤੇ ਆ ਪਹੁੰਚੇ ਜਿਥੇ  ਪਾਇਲਟ ਆਪਣਾ ਮੁਕਾਮ ਪੂਰਾ ਕਰਨ ਉਪਰੰਤ ਜਮੀਨ 'ਤੇ ਉੱਤਰਦੇ ਸਨ। ਇਥੇ ਦਰਸ਼ਕਾਂ ਦੀ ਕਾਫੀ ਭੀੜ ਸੀ। ਵੈਸੇ ਪੈਰਾਗਲਾਇਡਿੰਗ ਦਾ ਆਨੰਦ ਲੈਣ ਲਈ ਕਿਰਾਏ 'ਤੇ ਪੈਰਾਗਲਾਇਡਰ ਅਤੇ ਪਾਇਲਟ ਸਾਰਾ ਸਾਲ ਹੀ ਇਥੇ ਮਿਲ ਜਾਂਦੇ ਹਨ, ਜਿਸ ਨਾਲ ਹਰ ਕੋਈ ਅਸਮਾਨ ਵਿੱਚ ਉੱਡਣ ਦੀ ਰੀਝ ਪੂਰੀ ਕਰ ਸਕਦਾ ਹੈ।
                     ਸ਼ਾਮ ਹੋਣ ਵਾਲੀ ਸੀ, ਅਸੀਂ ਚਾਹ ਪੀ ਕੇ ਬੀੜ ਦੇ ਚਾਹ ਦੇ ਬਾਗਾਂ ਦਾ ਲੁਤਫ ਲੈਂਦੇ ਹੋਏ, ਤਿੱਬਤ ਦੇ ਸ਼ਰਨਾਰਥੀਆਂ ਦੀ ਦੋ ਕੁ ਸੌ ਏਕੜ ਵਿੱਚ ਬਣੀ ਕਲੋਨੀ ਜੋ ਕੇ ਭਾਰਤ ਸਰਕਾਰ ਵੱਲੋਂ ੧੯੬੬ ਵਿੱਚ ਉਸਾਰ ਕੇ ਦਿੱਤੀ ਗਈ ਹੈ, ਦੇ ਬਿਲਕੁਲ ਨੇੜੇ ਬਣੀ 'ਮੌਨੇਸਟਰੀ' ਜਿਥੇ ਬੋਧੀ ਮੰਦਰ ਅਤੇ ਭਿਕਸ਼ੂਆਂ ਲਈ ਅਧਿਆਤਮਕ ਸਿੱਖਿਆ ਦਾ ਕੇਂਦਰ ਸਥਾਪਿਤ ਕੀਤਾ ਗਿਆ ਹੈ, ਵੇਖਣ ਗਏ। ਇਹ ਮੌਨੇਸਟਰੀ ਬਹੁਤ ਹੀ ਸ਼ਾਂਤ ਮਹੌਲ ਰੱਖਦੀ ਹੈ। ਚਾਰੇ ਪਾਸੇ ਸਜਾਵਟੀ ਰੁੱਖਾਂ ਦੀ ਭਰਮਾਰ ਹੈ। ਸਮੁੱਚੀ ਇਮਾਰਤ ਦੀਆਂ ਕੰਧਾਂ ਨੂੰ ਤਰ੍ਹਾਂ-ਤਰ੍ਹਾਂ ਦੇ ਰੰਗਾਂ ਨਾਲ ਕੀਤੀ ਮੀਨਾਕਾਰੀ ਨਾਲ ਸ਼ਿੰਗਾਰਿਆ ਹੋਇਆ ਹੈ, ਜਿਸ ਦੀਆਂ ਢਲਾਣਦਾਰ ਛੱਤਾਂ 'ਤੇ ਕੀਤਾ ਸੁਨਿਹਰੀ ਰੰਗ ਸੋਨੇ ਨੂੰ ਮਾਤ ਪਾaੁਂਦਾ ਹੋਇਆ, ਵੇਖਣ ਵਾਲਿਆਂ ਦੇ ਦਿਲਾਂ ਨੂੰ ਧੂਹ ਪਾ ਦਿੰਦਾ ਹੈ। ਕੁਝ ਸਮਾਂ ਉੱਥੇ ਗੁਜਾਰਨ ਤੋਂ ਬਾਅਦ ਅਸੀਂ ਵੀ ਇੱਕ ਹੋਟਲ ਵਿੱਚ ਜਾ ਢਾਸਣਾ ਲਾਇਆ।
                ਅਗਲੀ ਸਵੇਰ ਥੋੜਾ ਜਲਦੀ ਨਾਸ਼ਤਾ ਕਰ ਕੇ ਅਸੀਂ ਅੰਦਰੇਟੇ ਨੂੰ ਚੱਲ ਪਏ। ਅੰਦਰੇਟਾ 'ਕਲਾਕਾਰਾਂ ਦੀ ਧਰਤੀ' ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਭ ਤੋਂ ਪਹਿਲਾਂ ਅਸੀਂ ਜਗਤ ਪ੍ਰਸਿੱਧ ਚਿੱਤਰਕਾਰ ਸਵਰਗਵਾਸੀ ਸ. ਸੋਭਾ ਸਿੰਘ ਜੀ ਦੇ ਘਰ ਪਹੁੰਚੇ। ਜਿਥੇ ਉਨ੍ਹਾਂ ਦੇ ਦੋਹਤੇ ਡਾ. ਹਿਰਦੇਪਾਲ ਸਿੰਘ ਸਾਡੀ ਪਹਿਲਾਂ ਹੀ ਉਡੀਕ ਕਰ ਰਹੇ ਸਨ। ਡਾਕਟਰ ਸਾਹਿਬ ਬਹੁਤ ਹੀ ਨਿਮਰ ਸੁਭਾਅ ਵਾਲੇ ਮਿਲਣਸਾਰ ਇਨਸਾਨ ਹਨ। ਉਨ੍ਹਾਂ ਕੋਲ ਬੈਠ ਕੇ ਅਸੀਂ ਚਾਹ ਦੇ ਨਾਲ-ਨਾਲ ਸ. ਸੋਭਾ ਸਿੰਘ ਜੀ ਦੀ ਸ਼ਖਸੀਅਤ ਬਾਰੇ ਜਾਣਿਆ। ਫਿਰ ਅਸੀਂ ਆਰਟ ਗੈਲਰੀ ਵਿੱਚ ਸ. ਸੋਭਾ ਸਿੰਘ ਜੀ ਵੱਲੋਂ ਬਣਾਈਆਂ ਕਲਾ-ਕ੍ਰਿਤਾਂ ਵੇਖੀਆਂ। ਉਨ੍ਹਾਂ ਵੱਲੋਂ ਕਲਮ ਅਤੇ ਰੰਗਾਂ ਨਾਲ ਕੈਨਵਸ 'ਤੇ ਜੋ ਵੀ ਕੁਝ ਚਿਤਰਿਆ ਹੈ, ਉਸ ਖੂਬਸੂਰਤੀ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਯਾਦ ਵਜੋਂ ਸ. ਸੋਭਾ ਸਿੰਘ ਜੀ ਦੇ ਬਣਾਏ ਚਿੱਤਰਾਂ ਦੇ ਕੁਝ ਪਿੰ੍ਰਟ ਲੈ ਕੇ ਅਸੀਂ ਡਾਕਟਰ ਸਾਹਿਬ ਤੋਂ ਫਿਰ ਮਿਲਣ ਦੇ ਵਾਅਦੇ ਨਾਲ ਵਿਦਾਈ ਲਈ।
        ਇਥੋਂ ਪੰਜ ਕੁ ਸੌ ਗਜ ਦੀ ਦੂਰੀ 'ਤੇ ਹੀ ਸ਼੍ਰੀਮਤੀ ਨੌਰ੍ਹਾ ਰਿਚਰਡ ਦਾ ਕਾਂਗੜਾ ਸ਼ੈਲੀ ਵਿੱਚ ਬਣਿਆ ਮਿੱਟੀ ਦਾ ਘਰ ਹੈ, ਜੋ ਕਿ ੧੯੩੦ ਵਿੱਚ ਉਸਾਰਿਆ ਗਿਆ ਸੀ। ਪੰਜਾਬੀ ਡਰਾਮੇ ਦੇ ਵਿਕਾਸ ਵਿੱਚ ਸ਼੍ਰੀਮਤੀ ਨੌਰ੍ਹਾ ਰਿਚਰਡ ਵੱਲੋਂ ਦਿੱਤੇ ਯੋਗਦਾਨ ਨੂੰ ਪੰਜਾਬੀ ਸਾਹਿਤਕਾਰ ਕਦੇ ਵੀ ਅੱਖੋਂ-ਪ੍ਰੋਖੇ ਨਹੀਂ ਕਰ ਸਕਦੇ। ਡਰਾਮੇ ਅਤੇ ਫਿਲਮ ਇੰਡਸਟਰੀ ਦੇ ਅਨੇਕਾਂ ਕਲਾਕਾਰ ਇਸ ਘਰ ਦੇ ਵਿਹੜੇ ਵਿੱਚ ਬਣੀ ਸਟੇਜ ਦੀ ਦੇਣ ਆਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਪ੍ਰਿਥਵੀ ਰਾਜ ਕਪੂਰ ਅਤੇ ਫਰੀਦਾ ਬੇਦੀ (ਕਬੀਰ ਬੇਦੀ ਦੀ ਮਾਤਾ) ਦੇ ਨਾਮ ਪ੍ਰਮੁੱਖ ਹਨ। ਕੱਚੀਆਂ ਕੰਧਾਂ ਅਤੇ ਬਾਂਸ ਦੀਆਂ ਛੱਤਾਂ ਵਾਲੇ ਛੋਟੇ-ਛੋਟੇ ਕਮਰਿਆਂ ਅਤੇ ਪੜਛੱਤੀਆਂ ਵਾਲਾ ਦੋ ਮੰਜਲਾਂ ਵਾਲਾ ਇਹ ਘਰ ਅੱਠ ਦਹਾਕਿਆਂ ਬਾਅਦ ਵੀ ਆਪਣੀ ਖੂਬਸੂਰਤੀ ਦੀ ਮਿਸਾਲ ਆਪ ਹੈ। ਇਸ ਘਰ ਦੀ ਦੇਖ-ਰੇਖ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੀ ਜਾ ਰਹੀ ਹੈ। 
              ਅੰਦਰੇਟਾ ਪੌਟਰੀ ਇਥੋਂ ਦੀ ਵੇਖਣ ਵਾਲੀ ਇੱਕ ਹੋਰ ਖੂਬਸੂਰਤ ਥਾਂ ਹੈ। ਜਿਸ ਨੂੰ ਸ. ਗੁਰਚਰਨ ਸਿੰਘ ਨੇ ੧੯੮੩ ਵਿੱਚ ਸ਼ੁਰੂ ਕੀਤਾ ਸੀ। ਇਥੇ ਪਏ ਮਿੱਟੀ ਦੇ ਰੰਗ-ਬਰੰਗੇ ਭਾਂਡੇ, ਮੂਰਤੀਆਂ, ਖੇਡਾਂ ਅਤੇ ਕਾਂਗੜੇ ਦੀ ਵਿਰਾਸਤ ਨੂੰ ਦਰਸਾਉਦੀਆਂ ਸੈਂਕੜੇ ਕਲਾ-ਕ੍ਰਿਤਾਂ ਮਨ ਮੋਹ ਲੈਂਦੀਆਂ ਹਨ। ਇਸ ਪੌਟਰੀ ਵਿੱਚ ਵਿਦੇਸ਼ਾਂ ਤੋਂ ਆ ਕੇ ਵੀ ਵਿਦਿਆਰਥੀ ਪੌਟਰੀ ਕਲਾ ਸਿੱਖਦੇ ਹਨ। ਅੱਜਕਲ ਇਥੇ ਸ. ਮਨਸਿਮਰਨ ਸਿੰਘ ਇਸ ਪੌਟਰੀ ਕਲਾ ਨੂੰ ਦੇਸ-ਵਿਦੇਸ਼ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ। ਸੂਰਜ ਸਿਰ ਦੇ ਬਿਲਕੁਲ ਉੱਪਰ ਆ ਚੁੱਕਿਆ ਸੀ। ਵਾਪਸ ਆਉਣ ਨੂੰ ਕਿਸ ਦਾ ਦਿਲ ਕਰਦਾ ਸੀ, ਪਰ ਬਹੁਤ ਥੋੜੇ ਸਮੇਂ ਵਿੱਚ ਹਿਮਾਚਲ ਪ੍ਰਦੇਸ਼ ਦੀ ਗੋਦ ਦੇ ਇਨ੍ਹਾਂ ਨਾ ਭੁੱਲਣਯੋਗ ਨਜਾਰਿਆਂ ਨੂੰ ਆਪਣੇ ਮਨਾਂ ਵਿੱਚ ਵਸਾ ਕੇ ਅਸੀਂ ਤਾਰਿਆਂ ਦੀ ਛਾਂ ਹੁੰਦਿਆਂ ਆਪਣੇ ਸ਼ਹਿਰ ਆ ਪਹੁੰਚੇ। 
                                         - ਮਨਦੀਪ ਸੇਖੋਂ, ਪਮਾਲ (ਲੁਧਿਆਣਾ) ੯੯੮੮੮-੩੯੨੨੨  


Viewers  1234
   Share this News


Comment

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved