Tour & Travel Section
Oct 29

ਸੈਰ-ਸਫ਼ਰ : ਮੁਰ੍ਹੇ ਦਰਿਆ ਕੰਢੇ ਵਸਦਾ ਰੇਨਮਾਰਕ

"ਨੋਕਵਾਲ ਜੀ ਔਹ ਹੈ ਉਹ ਪਿੰਡ ਬੜੀ ਦਾ ਮੁੰਡਾ ਜੀਹਦੇ ਵਾਰੇ ਮੈਂ ਤੁਹਾਨੂੰ ਕਹਿ ਰਿਹਾ ਸੀ"।ਗਿਆਨੀ ਸੰਤੋਖ ਸਿੰਘ ਜੀ ਨੇ ਮੈਂਨੂੰ ਸੰਬੋਧਨ ਕਰਕੇ ਕਿਹਾ।
"ਕਿਹੜਾ"? ਮੈਂ ਉਤਾਬਲਾ ਹੋ ਕੇ ਪੁਛਿਆ।
"ਔਹ,ਨੀਲੀ ਪੱਗ ਵਾਲਾ"। ਦੋ ਤਿੰਨ ਖੜੇ ਮੁੰਡਿਆਂ ਵਿਚ ਇਕ ਮੁੰਡੇ ਵੱਲ ਹੱਥ ਦਾ ਇਸਾਰਾ ਕਰਕੇ ਗਿਆਨੀ ਜੀ ਨੇ ਦੱਸਿਆ।
ਮੈਂ ਇਕ ਦਮ ਦੋ ਤਿੰਨ ਕਦਮ ਭਰ ਕੇ ਮੁੰਡੇ ਕੋਲ ਚਲਾ ਗਿਆ।
"ਭਾਈ ਮੁੰਡਿਆ! ਤੇਰਾ ਪਿੰਡ ਕਿਹੜਾ ਹੈ"? ਮੈਂ ਨੀਲੀ ਪੱਗ ਵਾਲੇ ਮੁੰਡੇ ਨੂੰ ਪੁੱਛਿਆ।
"ਮੇਰਾ ਪਿੰਡ ਬੜੀ" ਮੁੰਡੇ ਨੇ ਦੱਸਿਆ।
"ਉਹ ਕਿੱਥੇ ਕੁ ਹੋਈ" ਮੈਂ ਹੋਰ ਉਤਾਬਲਾ ਹੋ ਕੇ ਪੁੱਛਿਆ।
"ਸੇਰਪੁਰ ਲਾਗੇ" ਮਨ ਨੂੰ ਯਕੀਨ ਹੋ ਗਿਆ ਕਿ ਇਹ ਤਾਂ ਓਹੀ ਬੜੀ ਹੈ ਜੋ ਮੇਰਾ ਪਿੰਡ ਹੈ।
"ਤੂੰ ਕਿਹੜੇ ਲਾਣੇ ਚੋਂ ਹੈਂ"? ਮੈਂ ਛੇਤੀ ਹੀ ਪੁੱਛਿਆ।
"ਠੇਕੇਦਾਰਾਂ ਕੇ ਜੋਰੇ ਕੇ ਲਾਣੇ ਚੋਂ" ਮੁੰਡੇ ਦੇ ਦੱਸਦਿਆਂ ਹੀ ਮੇਰੀਆਂ ਵਾਚੀਆਂ ਖਿੜ ਗਈਆਂ।ਖੁਸੀ ਨਾਲ ਮਨ ਝੂਮ ਉਠਿਆ।
"ਮੇਰਾ ਪਿੰਡ ਵੀ ਬੜੀ ਹੈ" ਮੈਂ ਇਕ ਦਮ ਦੱਸਿਆ।
"ਤੁਸੀਂ ਕਿਹੜੇ ਲਾਣੇ ਚੋਂ ਹੋ" ਮੁੰਡਾ ਵੀ ਉਤਾਵਲਾ ਹੋ ਗਿਆ।
"ਮੈਂ ਹਰਦੇਵ ਦੋਧੀ ਦਾ ਵੱਡਾ ਤੇ ਲਛਮਣ ਸਿੰਘ ਦਾ ਛੋਟਾ ਭਰਾ ਹਾਂ" ਮੈਂ ਪੂਰੇ ਮਾਣ ਨਾਲ ਦੱਸਿਆ।
"ਉਨ੍ਹਾਂ ਦੇ ਚਮਕੌਰ ਤੇ ਕੰਮਾ ਤਾਂ ਮੇਰੇ ਨਾਲ ਪੜ੍ਹਦੇ ਰਹੇ ਹਨ" ਬੱਸ ਫਿਰ ਕੀ ਸੀ।ਮੈਂ ਮੁੰਡੇ ਨੂੰ ਆਪਣੀ ਜੱਫੀ ਵਿਚ ਲੈ ਲਿਆ ਤੇ ਅਪਣੱਤ ਨਾਲ ਪੁੱਛਿਆ।
"ਬੇਟਾ ਤੇਰਾ ਨਾਉਂ ਕੀ ਹੈ"?
"ਮੇਰਾ ਨਾਉਂ ਗੁਰਪਰੀਤ ਹੈ" ਮੁੰਡੇ ਨੇ ਖੁਸ ਹੋ ਕੇ ਦੱਸਿਆ।
"ਬੇਟਾ ਆਪਾਂ ਕਿੱਥੇ ਆਕੇ ਮਿਲ ਰਹੇ ਹਾਂ।ਪਿੰਡ ਤੋਂ ਸੱਤ ਸਮੁੰਦਰੋਂ ਪਾਰ।ਆਸਟਰੇਲੀਆ ਦੇ ਸਹਿਰ ਐਡੀਲੇਡ ਦੇ ਗੁਰਦੁਆਰੇ ਵਿਚ"। ਜਜਬਾਤੀ ਹੋਇਆ ਮਨ ਅਛੋਪਲੇ ਹੀ ਕਹਿ ਗਿਆ।ਮੈਂ ਗਿਆਨੀ ਸੰਤੋਖ ਸਿੰਘ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਸੀ ਜਿਸਨੇ ਸਾਡਾ ਇਹ ਮੇਲ ਕਰਾਇਆ ਸੀ। ਛਡੌਲ ਸਰੀਰ ਦਾ ਗੱਭਰੂ ਮੁੰਡਾ ਗੁਰਪਰੀਤ, ਪੋਚਵੀਂ ਧਾਰੀਦਾਰ ਪੱਗ, ਗੋਲ ਚੇਹਰੇ ਤੇ ਭਰਵੀਂ ਸਾਹਕਾਲੀ ਦਾਹੜੀ ਮੇਰੀ ਰੂਹ ਨੂੰ ਟੁੰਬ ਗਈ।
ਮੈਂ ਤੇ ਗਿਆਨੀ ਜੀ ਹੱਥਾਂ ਵਿਚ ਆਪੋ ਆਪਣੇ ਅਟੈਚੀ ਫੜੇ ਹੋਏ ਰੇਨ ਮਾਰਕ  ਜਾਣ ਲਈ ਤਿਆਰ ਹੋਏ ਖੜੇ ਸੀ ਜਦੋਂ ਗੁਰਪਰੀਤ ਨਾਲ ਮੇਲ ਹੋ ਗਿਆ।ਅਟੈਚੀਆਂ ਨੇ ਦੇਖਕੇ ਗੁਰਪਰੀਤ ਪੁੱਛਣ ਲੱਗਾ ਇਹ "ਇਹ ਕਿੱਧਰ ਨੂੰ ਚੁੱਕੇ"? "ਅਸੀਂ ਰੇਨ ਮਾਰਕ ਚੱਲੇ ਹਾਂ ਬੱਸ ਤੇ ਚੜਾਉਣ ਲਈ ਕਾਰ ਲੈਣ ਗਏ ਮੁੰਡੇ ਦੀ ਉਡੀਕ ਕਰ ਰਹੇ ਹਾਂ"।ਮੈਂ ਗੁਰਪਰੀਤ ਨੂੰ ਦੱਸਿਆ।ਇਕ ਦਮ ਉਸਨੇ ਦੋਵੇਂ ਹੱਥ ਸਾਡੇ ਅਟੈਚੀਆਂ ਨੂੰ ਪਾਏ ਤੇ ਕਿਹਾ "ਕੋਈ ਬੱਸ ਬੁੱਸ ਨਹੀਂ।ਚਲੋ ਪਹਿਲਾਂ ਘਰ ਨੂੰ ਚਲਦੇ ਹਾਂ ਫਿਰ ਮੈਂ ਆਪਣੀ ਕਾਰ ਤੇ ਤੁਹਾਨੂੰ ਰੇਨਮਾਰਕ ਛੱਡ ਕੇ ਆਵਾਂਗਾ"ਮੁੰਡਾ ਪੂਰੀ ਅਪਣੱਤ ਵਿਚ ਆ ਗਿਆ ਸੀ।ਆਪ ਹੀ ਦੋਨੋਂ ਅਟੈਚੀ ਫੜ ਕੇ ਕਾਰ ਵੱਲ ਨੂੰ ਹੋ ਤੁਰਿਆ।ਸਾਡੇ ਕੋਲੋਂ ਉਸਨੂੰ ਕੁੱਝ ਵੀ ਕਹਿਣ ਦੀ ਹਿੰਮਤ ਨਾ ਪਈ ਉਸਦੇ ਪਿੱਛੇ ਹੋ ਤੁਰੇ।ਘਰ ਗੁਰਦੁਆਰੇ ਦੇ ਨਜਦੀਕ ਹੀ ਸੀ।
ਘਰ ਦਾ ਦਰਵਾਜਾ ਖੁਲ੍ਹਦਿਆਂ ਹੀ ਉਹ ਲੜਕੀ ਨਜਰ ਪਈ ਜੋ ਥੋੜੀ ਦੇਰ ਪਹਿਲਾਂ ਹੀ ਗੁਰਦੁਆਰਿਓਂ ਗਈ ਸੀ।ਗੁਰਦੁਆਰਿਓਂ ਜਾਂਦੀ ਦੇ ਨਾਲ ਇਕ ਪੱਕੀ ਉਮਰ ਦੀ ਜਨਾਨੀ ਤੇ ਬੱਚਾ ਉਸਦੇ ਨਾਲ ਸੀ ਜਿਸ ਵਾਰੇ ਘਰ ਜਾ ਕੇ ਪਤਾ ਲੱਗਾ ਕਿ ਇਹ ਲੜਕੀ ਗੁਰਪਰੀਤ ਦੀ ਘਰ ਵਾਲੀ ਸੀ ਤੇ ਉਸਦੇ ਨਾਲ ਪੰਜਾਬੋਂ ਆਈ ਉਸਦੀ ਮਾਂ ਸੀ। ਗੁਰਪਰੀਤ ਨੇ ਜਾਣ ਪਹਿਚਾਣ ਕਰਵਾਈ ਤੇ ਮੇਰੇ ਵਾਰੇ ਦੱਸਿਆ ਕਿ ਇਹ ਆਂਪਣੇ ਪਿੰਡ ਬੜੀ ਤੋਂ ਹਨ।ਸੁਣਦਿਆ ਹੀ ਕੁੜੀ ਦੇ ਚਿਹਰੇ ਤੇ ਰੌਣਕ ਆ ਗਈੱ ਤੇ ਦੋਨੋਂ ਮਾਵਾਂ ਧੀਆਂ ਨੇ ਹੱਥ ਜੋੜਕੇ ਸਤਿਸ੍ਰੀਅਕਾਲ ਬੁਲਾਈ।ਥੋੜੀ ਦੇਰ ਬੈਠੇ ਚਾਹ ਪਾਣੀ ਪੀਤਾ ਤੇ ਪੇਂਡੂ ਪਿਆਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਦੁਪਹਿਰ ਦੇ ਖਾਣ ਲਈ ਰੋਟੀ ਅਸੀਂ ਗੁਰਦੁਆਰੇ ਲੰਗਰ ਵਿਚੋਂ ਹੀ ਲੜ ਬੰਨ ਲਈ ਸੀ ਤੇ ਘਰੋਂ ਤੁਰ ਪਏ।
ਆਸਟ੍ਰੇਲੀਆ ਦੀ ਇਕ ਸਟੇਟ ਸਾਊਥ ਆਸਟ੍ਰੇਲੀਆ, ਦੀ ਰਾਜਧਾਨੀ ਦਾ ਨਾਂਉ ਐਡੀਲੇਡ ਸਹਿਰ ਹੈ।ਸਮੁੰਦਰ ਦੇ ਕੰਢੇ ਵਸਦਾ ਕਰੀਬ ਚੌਦਾਂ ਲੱਖ ਦੀ ਆਬਾਦੀ ਵਾਲਾ ਇਹ ਸਹਿਰ ਬਹੁਤ ਹੀ ਸੁਹਣਾ ਹੈ। ਸਹਿਰ ਨੂੰ ਆਬਾਦ ਕਰਨ ਦੀ ਵਿਉਂਤ ਤਾਂ ਭਾਵੇਂ ਗੋਰਿਆਂ ਨੇ ੧੮੩੦ ਤੋਂ ਹੀ ਬਣਾਈ ਹੋਈ ਸੀ ਪਰ ਇਸ ਵਿਚ ਭਰਵੀਂ ਅਬਾਦੀ ੨੦ਵੀਂ ਸਦੀ ਤੋਂ ਹੀ ਸੁਰੂ ਹੋਈ ਹੈ। ਗੋਰਿਆਂ ਦੀ ਅਬਾਦੀ ਤੋਂ ਪਹਿਲਾਂ ਇਸ ਜਗਾ ਤੇ ਆਸਟ੍ਰੇਲੀਆ ਦੇ ਆਦੀ ਬਾਸੀ ਕਾਲੇ ਤੇ ਜੰਗਲੀ ਲੋਕ ਹੀ ਰਹਿੰਦੇ ਸਨ।ਜਦੋਂ ਗੋਰਿਆਂ ਨੇ ਦੇਸ ਉਪਰ ਕਬਜਾ ਕੀਤਾ ਆਦੀ ਬਾਸੀ ਲੋਕਾਂ ਨੂੰ ਖਦੇੜ ਕੇ ਤੇ ਲੜਨ ਵਾਲਿਆਂ ਨੂੰ ਮਾਰਕੇ ਇਥੇ ਆਪਣੀ ਰਿਹਾਇਸ ਦਾ ਅੱਡਾ ਬਣਾ ਲਿਆ ਤੇ ਇਸਦਾ ਨਾਮ ਐਡੀਲੇਡ ਰੱਖ ਲਿਆ।ਹੌਲੀ ਹੌਲੀ ਅਬਾਦੀ ਦੇ ਵਧਣ ਨਾਲ ਇਹ ਸਹਿਰ ਬਨਣਾ ਸੁਰੂ ਹੋ ਗਿਆ।ਸਹਿਰ ਦੇ ਇਰਦ ਗਿਰਦ ਇਲਾਕੇ ਦੀ ਜਮੀਨ ਬਹੁਤ ਹੀ ਉਪਜਾਊ ਹੋਣ ਕਰਕੇ ਖੇਤੀ ਬਾੜੀ ਦਾ ਕੰਮ ਕਰਨ ਵਾਲੇ ਲੋਕ ਇਸ ਇਲਾਕੇ ਵਿਚ ਆਉਣੇ ਸੁਰੂ ਹੋ ਗਏ ਤੇ ਆਬਾਦੀ ਦਾ ਪਸਾਰ ਹੋਰ ਵਧਣਾ ਸੁਰੂ ਹੋ ਗਿਆ।ਆਬਾਦੀ ਦਾ ਵਾਧਾ ਇਸ ਗੱਲ ਨੇ ਵੀ ਕੀਤਾ ਕਿ ਲੋਕਾਂ ਨੂੰ ਧਾਰਮਿਕ ਮਾਮਲਿਆ ਦੀ ਪੂਰੀ ਖੁੱਲ੍ਹ ਸੀ।ਲੋਕਾਂ ਨੇ ਪੂਰੀ ਤਸੱਲੀ ਨਾਲ ਆਪਣੀ ਧਾਰਮਿਕ ਸੰਤੁਸਟਤਾ ਕੀਤੀ ਜਿਸਦੀ ਵਜਹ ਕਰਕੇ ਮੁਢਲੇ ਦੌਰ ਵਿਚ ਵੱਧ ਤੋਂ ਵੱਧ ਗਿਰਜੇ ਹੋਂਦ ਵਿਚ ਆਏ।ਕਿਸੇ ਸਮੇਂ ਵਿਚ ਐਡੀਲੇਡ ਨੂੰ ਗਿਰਜਿਆਂ ਦਾ ਸਹਿਰ ਵੀ ਕਿਹਾ ਜਾਂਦਾ ਸੀ।ਅੱਜ ਦੇ ਸਮੇਂ ਵਿਚ ਆਸਟ੍ਰੇਲੀਆ ਸਰਕਾਰ ਨੇ ਐਡੀਲੇਡ ਦੇ ਪਸਾਰ ਨੂੰ ਵਦਾਉਣ ਲਈ ਕਈ ਤਰਾਂ ਦੀਆਂ ਸਕੀਮਾਂ ਬਣਾਈਆਂ ਹੋਈਆ ਹਨ।ਬਾਹਰਲੇ ਮੁਲਕਾਂ ਵਿਚੋਂ ਆਉਣ ਵਾਲੇ ਵਿਦਿਆਰਥੀਆਂ ਲਈ ਯੂਨੀ ਵਰਸਟੀਆਂ ਤੇ ਉਨ੍ਹਾਂ ਦੇ ਪੱਕੇ ਹੋਣ ਲਈ ਨੰਬਰਾਂ ਵਿਚ ਛੋਟ ਇਕ ਵੱਡੀ ਗੱਲ ਹੈ। ਕੰੰਮ ਲਈ ਇੰਡਸਟਰੀ ਨੂੰ ਕਾਫੀ ਉਤਸਾਹਤ ਕੀਤਾ ਜਾ ਰਿਹਾ ਹੈ।੨੦ਵੀਂ ਸਦੀ ਦੇ ਆਖੀਰਲੇ ਦਹਾਕਿਆਂ ਵਿਚ ਤਾਂ ਅਨਪੜ੍ਹ ਕਿਸਮ ਦੇ ਲੋਕ ਵੀ ਖੇਤੀ ਬਾੜੀ ਦੇ ਕੰਮਾਂ ਵਿਚ ਆ ਜੁਟੇ।ਇਸੇ ਸਮੇਂ ਹੀ ਪੰਜਾਬੀ ਕਮਿਊਨਿਟੀ ਨੇ ਵੀ ਆਕੇ ਖੇਤੀ ਬਾੜੀ ਵਿਚ ਆਪਣੇ ਕਾਫੀ ਪੈਰ ਜਮਾਏ। ਇੰਡਸਟਰੀ ਦੀ ਵਜਹ ਕਰਕੇ ਨਵੀਂ ਪੀੜ੍ਹੀ ਦੇ ਲੋਕਾਂ ਵਿਚ ਕਾਫੀ ਵਾਧਾ ਹੋਇਆ ਹੈ।ਅੱਜ ਦੇ ਸਮੇਂ ਵਿਚ ਟੈਕਸੀ ਡਰਾਈਵਿੰਗ ਦੇ ਧੰਦੇ ਵਿਚ ਕਰੀਬ ਅੱਸੀ ਫੀ ਸਦੀ ਲੋਕ ਪੰਜਾਬੀ ਮੁੰਡੇ ਹਨ।
ਪੰਜਾਬੀਆਂ ਦੀ ਵਧ ਰਹੀ ਗਿਣਤੀ ਨਾਲ ਧਾਰਮਿਕ ਪਸਾਰ ਵੀ ਪੂਰੇ ਜੋਰਾਂ ਤੇ ਹੈ।ਚਾਰ ਗੁਰੂਦੁਆਰੇ ਹੁੰਦਿਆਂ ਵੀ ਗੁਜਾਰਾ ਨਹੀਂ ਹੋ ਰਿਹਾ ਸਗੋਂ ਪੰਜਵੇਂ ਤੇ ਛੇਵੇਂ ਦੀ ਤਿਆਰੀ ਪੂਰੇ ਜੋਰਾਂ ਸੋਰਾਂ ਤੇ ਹੈ।ਅਜੀਬ ਗੱਲ ਇਹ ਹੈ ਕਿ ਗਿਰਜੇ ਵਿਕ ਕੇ ਬੰਦ ਹੋ ਰਹੇ ਹਨ ਤੇ ਸਾਡੇ ਲੋਕ ਗਿਰਜੇ ਖਰੀਦ ਕੇ ਉਨ੍ਹਾਂ ਵਿਚ ਗੁਰਦੁਆਰੇ ਖੋਲ੍ਹ ਰਹੇ ਹਨ।ਸਾਡੇ ਗੁਰਦੁਆਰਿਆਂ ਦਾ ਜੋ ਸਰੂਪ ਅਤੇ ਵਰਤਾਰਾ ਸਾਹਮਣੇ ਆ ਰਿਹਾ ਹੈ ਉਹ ਪੰਜਾਬ ਦੇ ਗੁਰਦੁਆਰਾ ਕਲਚਰ ਨਾਲੋਂ ਬਿਲਕੁਲ ਵੱਖਰਾ ਹੈ।ਗੁਰਦੁਆਰੇ ਨਿੱਜੀ ਮਲਕੀਅਤ ਹਨ।ਗੁਰਦੁਆਰੇ ਦਾ ਪੂਰਾ ਪ੍ਰਬੰਧ ਮਾਲਕ ਦੀ ਮਰਜੀ ਅਨੁਸਾਰ ਚਲਦਾ ਹੈ।ਆਪਣੇ ਘਰਦੇ ਜੀਅ ਜਾਂ ਰਿਸਤੇਦਾਰ ਅਤੇ ਦੋਸਤਾਂ ਦੇ ਨਾਮ ਭਰਕੇ ਕਮੇਟੀਆਂ ਰਜਿਸਟਰ ਕਰਵਾਈਆਂ ਹੋਈਆਂ ਹਨ।ਗੁਰਦੁਆਰੇ ਅਤੇ ਗੋਲ੍ਹਕ ਦੀ ਚਾਬੀ ਖੁਦ ਮਾਲਕ ਕੋਲ ਹੁੰਦੀ ਹੈ।ਸਿਰਫ ਲੰਗਰ ਖੁੱਲ੍ਹਾ ਹੁੰਦਾ ਹੈ ਸੰਗਤ ਦਾਨ ਵਜੋਂ ਰਾਸਨ ਦਾ ਸਮਾਨ ਲੈਕੇ ਆਉਂਦੀ ਹੈ ਤੇ ਉਸ ਨਾਲ ਲੰਗਰ ਦਾ ਕੰਮ ਚਲਦਾ ਹੈ।ਮਾਲਕ ਆਪਣੀ ਗੋਲ੍ਹਕ ਨੂੰ ਭਰਪੂਰ ਕਰਨ ਲਈ ਸੰਗਤ ਨੂੰ ਕਈ ਤਰੀਕਿਆਂ ਨਾਲ ਲੁਭਾਉਂਦੇ ਹਨ।ਬਾਹਰੋਂ ਸਸਤੀਆਂ ਕੀਮਤਾਂ ਤੇ ਰਾਗੀ ਢਾਡੀ ਮੰਗਵਾ ਕੇ ਵੱਡੇ ਇਕੱਠ ਕਰਨ ਦੀ ਕੋਸਿਸ ਕੀਤੀ ਜਾਂਦੀ ਹੈ ਜਿਸ ਨਾਲ  ਗੋਲ਼੍ਹਕ ਨੂੰ ਭਰਪੂਰ ਕੀਤਾ ਜਾਂਦਾ ਹੈ।ਉੱਚੇ ਨਾਮ ਦੇ ਪ੍ਰਚਾਰਕਾਂ ਨੂੰ ਤਾਂ ਕੁਝ ਨਾ ਕੁੱਝ ਦੇ ਦਿਤਾ ਜਾਂਦਾ ਹੈ ਪ੍ਰੰਤੂ ਮਾੜੇ ਪ੍ਰਚਾਰਕਾਂ ਦੇ ਤਾਂ ਖਰਚੇ ਵੀ ਪੂਰੇ ਨਹੀਂ ਹੁੰਦੇ।ਸਿੱਖੀ ਦੀ ਮਾਣ ਮਰਿਆਦਾ ਦਾ ਕੋਈ ਮਤਲਬ ਨਹੀਂ ਹੈ।ਇਸ ਕਾਰਜ ਨੂੰ ਪੂਰਨ ਰੂਪ ਵਿਚ ਆਪਣੀ ਦੁਕਾਨਦਾਰੀ ਮੰਨ ਕੇ ਹੀ ਚਲਾਇਆਂ ਜਾਂਦਾ ਹੈ।ਗ੍ਰੰਥੀ ਜਾਂ ਕੰਮ ਕਰਨ ਵਾਲਾ ਕੋਈ ਹੋਰ ਬੰਦਾ ਮਾਲਕ ਦਾ ਮੁਲਾਜਮ ਹੁੰਦਾ ਹੈ ਸੇਵਾਦਾਰ ਨਹੀਂ।ਹਿੰਦੂਆਂ ਦੇ ਮੰਦਰ ਵਰਤਾਰਿਆਂ ਦਾ ਪੂਰਾ ਸਰੂਪ ਐਡੀਲੇਡ ਦੇ ਗੁਰਦੁਆਰਿਆਂ ਵਿਚ ਦੇਖਿਆ ਜਾ ਸਕਦਾ ਹੈ।ਕੋਈ ਇਕੱਲਾ ਜਾਂ ਕੁੱਝ ਕੁ ਬੰਦੇ ਇਨ੍ਹਾਂ ਮਾਲਕਾਂ ਨੂੰ ਰੋਕ ਟੋਕ ਨਹੀਂ ਸਕਦੇ। ਇਨ੍ਹਾਂ ਨੁੰ ਚੁੱਪ ਕਰਾਉਣ ਲਈ ਮਾਲਕਾਂ ਨੇ ਕੁੱਝ ਕੁ ਮੁੰਡਿਆਂ ਨੂੰ ਆਪਣੇ ਰਾਹੀਂ ਅੰਮ੍ਰਿਤ ਛਕਾ ਕੇ ਅਤੇ ਗੁਰਦੁਆਰੇ ਵੱਲੋਂ ਸਪਾਂਸਰਸਿਪ ਦੇ ਕੇ ਪੱਕੇ ਕਰਾਉਣ ਦਾ ਲਾਲਚ ਅਤੇ ਗੁਰਦੁਆਰੇ ਵਿਚੋਂ ਮੁਫਤ ਲੰਗਰ ਦੇ ਲਾਲਚ ਨਾਲ ਆਪਣੇ ਗੈਂਗ ਬਣਾਏ ਹੋਏ ਹਨ ਜੋ ਬੋਲਣ ਵਾਲਿਆਂ ਦੀ ਭੁਗਤ ਸੰਵਾਰਦੇ ਹਨ।ਸ਼ਾਊ ਸੁਭਾਉ,ਸਾਫ ਸੁਥਰੀ ਸੋਚ,ਮਰਿਆਦਾ ਨੂੰ ਸਮਝਣ ਵਾਲੇ ਅਤੇ ਅਣਖੀ ਸੁਭਾਉ ਦੇ ਬੰਦੇ ਤਾਂ ਇਨ੍ਹਾਂ ਲੋਕਾਂ ਦੇ ਮੂੰਹ ਮੱਥੇ ਵੀ ਨਹੀਂ ਲੱਗਦੇ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਕੇ ਆਪਣੀ ਸਰਧਾ ਅਨੁਸਾਰ ਗੋਲ੍ਹਕ ਵਿਚ ਚੜ੍ਹਾਵਾ ਚੜ੍ਹਾ ਕੇ ਵਾਪਸ ਆ ਜਾਂਦੇ ਹਨ।ਗੁਰਦੁਅਰਿਆਂ ਦਾ ਇਹ ਵਰਤਾਰਾ ਦੇਖਕੇ ਤਾਂ ਇੰਝ ਲਗਦਾ ਹੈ ਕਿ ਸਿਰਫ ਅੰਧ ਵਿਸਵਾਸ ਹੀ ਇਸ ਪ੍ਰੰਪਰਾ ਨੂੰ ਚਲਾਈ ਜਾ ਰਿਹਾ ਹੈ ਸਿੱਖੀ ਸਿਧਾਂਤ ਵਾਲੀ ਇੱਥੇ ਕੋਈ ਗੱਲ ਨਹੀਂ। 
ਅੱਖੀਂ ਵੇਖੇ ਵਰਤਾਰੇ ਦੀ ਗੱਲ ਹੈ ਕਿ ਇਕ ਭਰਵੀਂ ਸਿਹਤ ਦਾ ਸਰਦਾਰ ਜਿਸਦੀ ਉਮਰ ਕਰੀਬ ੬੫ ਸਾਲ ਦੇ ਕਰੀਬ ਦੀ ਸੀ ਉਸਦੇ ਨਾਲ ਉਸਦੀ ਘਰ ਵਾਲੀ ਵੀ ਸੀ ਗੁਰਦੁਆਰੇ ਦੇ ਫਰੰਟ ਵਾਲੇ ਵਿਹੜੇ ਵਿਚ ਗੱਡੀ ਖੜੀ ਕਰਕੇ ਉਤਰੇ।ਅੱਗੇ ਇਕ ਬੰਦਾ ਜਿਸਨੇ ਹੱਥ ਵਿਚ ਬਿਜਲੀ ਦੇ ਔਜਾਰ ਪੇਚਕਸ ਤੇ ਪਲਾਸ ਪਕੜੇ ਹੋਏ ਸਨ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ।ਸਰਦਾਰ ਨੇ ਗੱਡੀ ਚੋਂ ਉਤਰਦਿਆਂ ਹੱਥ ਵਿਚ ਬੀਅਰ ਦੀ ਬੋਤਲ ਫੜੀ ਹੋਈ ਸੀ।ਇਲੈਕਟਰੀਸਨ ਨੂੰ ਨਾਲ ਲੈ ਜਾ ਕੇ ਬਾਹਰ ਲੱਗਿਆ ਬਿਜਲੀ ਦਾ ਬੋਰਡ ਠੀਕ ਕਰ ਵਾਉਣ ਲੱਗ ਪਿਆ।ਮੈਂ ਲਾਗੇ ਖੜੇ ਬੰਦਿਆਂ ਨਾਲ ਜਦੋਂ ਗੱਲ ਕੀਤੀ ਕਿ ਬੰਦਾ ਗੁਰਦੁਆਰੇ ਦੀ ਬਾਊਂਡਰੀ ਅੰਦਰ ਹੀ ਬੀਅਰ ਪੀਂਦਾ ਫਿਰੀ ਜਾ ਰਿਹਾ ਹੈ।ਬੰਦੇ ਉਸ ਬਾਰੇ ਜਾਣਦੇ ਸਨ ਤੇ ਝੱਟ ਹੀ ਮੈਂਨੂੰ ਜਬਾਬ ਦਿੱਤਾ ਕਿ ਇਸਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਹ ਮਾਲਕ ਹੈ।ਹੈਰਾਨਗੀ ਭਰਿਆ ਜਬਾਬ ਸੁਣਕੇ ਮੈਂ ਭੀ ਅੱਗੇ ਕੋਈ ਗੱਲ ਨਾ ਕਰ ਸਕਿਆ।
ਰੇਨ ਮਾਰਕ ਨੂੰ ਤੁਰਨ ਲੱਗਿਆਂ ਗੁਰਪਰੀਤ ਨੇ ਆਪਣੀ ਜਾਣ ਪਛਾਣ ਦਾ ਹੋਰ ਬੰਦਾ ਨਾਲ ਲੈ ਲਿਆ। ਬੰਦਾ ਪੰਜਾਬ ਤੋਂ ਤਰਨ ਤਾਰਨ ਜਿਲ੍ਹੇ ਤੋਂ ਸੀ।ਸਰਕਾਰੀ ਸਕੂਲ਼ ਤੋਂ ਮਾਸਟਰ ਰੀਟਾਇਰ ਹੋਇਆ ਸੀ।ਯੂਨੀਅਨ ਵਿਚ ਮੋਹਰੀ ਰਿਹਾ ਹੋਣ ਕਰਕੇ ਸਮਾਜਿਕ ਤੇ ਸਿਆਸੀ ਮਾਮਲਿਆਂ ਵਿਚ ਚੰਗੀ ਜਾਣਕਾਰੀ ਰਖਦਾ ਸੀ।ਗੱਡੀ ਵਿਚ ਬੈਠਦਿਆਂ ਮੁਹਰੀ ਸੀਟ ਤੇ ਮੈਂ ਗੁਰਮੀਤ ਨਾਲ ਅਤੇ ਮਾਸਟਰ ਤੇ ਗਿਆਨੀ ਜੀ ਪਿਛਲ਼ੀਆਂ ਸੀਟਾਂ ਤੇ ਸਵਾਰ ਹੋ ਗਏ।ਸਾਰੇ ਸਫਰ ਵਿਚ ਸਾਡੀਆਂ ਗੱੱਲਾਂ ਪਿੰਡ ਜਾਂ ਪਿੰਡ ਦੀ ਸਿਆਸਤ ਵਾਰੇ ਸਨ ਪਰ ਮਾਸਟਰ ਤੇ ਗਿਆਨੀ ਜੀ ਦੀਆਂ ਗੱਲਾਂ ਸਾਰੇ ਪੰਜਾਬ ਵਾਰੇ ਸਨ।ਮਾਸਟਰ ਕੋਲ ਪੂਰਾ ਗਿਆਨ ਹੋਣ ਕਰਕੇ ਗਿਆਨੀ ਜੀ ਨੂੰ ਹਰੇਕ ਗੱਲ ਵਿਚ ਮੂਹਰੇ ਹੋ ਕੇ ਘੇਰ ਲੈਂਦਾ ਸੀ ਤੇ ਗਿਅਨੀ ਜੀ ਅਗਿਆਨੀ ਹੀ ਦਿਖਾਈ ਦਿੰਦੇ ਸਨ।
ਅੱਡੀਲੇਡ ਦੀ ਅਬਾਦੀ ਨਿਕਲਦਿਆਂ ਹੀ ਮੈਂਨੂੰ ਸੜਕ ਦੇ ਖੱਬੇ ਪਾਸੇ ਖੇਤਾਂ ਵਿਚ ਚਿੱਟੇ ਜਿਹੇ ਰੇਤੇ ਦੇ ਢੇਰ ਦਿਖਾਈ ਦਿਤੇ।ਪੁੱਛਣ ਤੇ ਗੁਰਪਰੀਤ ਨੇ ਦੱਸਿਆ ਕਿ ਇਹ ਲੂਣ ਦੇ ਢੇਰ ਹਨ, ਇਨ੍ਹਾਂ ਖੇਤਾਂ ਵਿਚ ਸਮੁੰਦਰ ਵਿਚੋਂ ਲਿਆ ਕੇ ਪਾਣੀ ਪਾਇਆ ਜਾਂਦਾ ਹੈ ਤੇ ਪਾਣੀ ਦੇ ਸੁੱਕ ਜਾਣ ਤੋਂ ਬਾਅਦ ਉਪਰਲੀ ਮਿੱਟੀ ਨੂੰ ਇਕੱਠਾ ਕਰਕੇ ਇਕ ਬਿਲਡਿੰਗ ਵੱਲ ਇਸਾਰਾ ਕਰਕੇ ਦੱਸਿਆ ਕਿ ਉਸ ਕਾਰਖਾਨੇ ਵਿਚ ਮਸੀਨ ਰਾਹੀਂ ਸਫਾਈ ਕਰਕੇ ਲੂਣ ਤਿਆਰ ਕਰ ਲਿਆ ਜਾਂਦਾ ਹੈ।
ਆਸਟ੍ਰੇਲਆ ਦੀਆਂ ਸੜਕਾਂ ਇਨੀਆਂ ਵਧੀਆ ਹਨ ਕਿ ਸੌ ਸਵਾ ਸੌ ਕਿਲੋਮੀਟਰ ਦੀ ਸਪੀਡ ਤੇ ਆਮ ਗੱਡੀਆਂ ਚਲਦੀਆਂ ਹਨ।ਸਾਡਾ ਸਫਰ ਵੀ ਤਕਰੀਵਨ ਤਿੰਨ ਕੁ ਘੰਟਿਆ ਦਾ ਹੀ ਸੀ।ਦੁਪਹਿਰ ਦੀ ਭੁੱਖ ਵੇਲੇ ਬੈਠਣ ਲਈ ਚੰਗੀ ਜਿਹੀ ਜਗਾ ਦੇਖਕੇ ਗੱਡੀ ਰੋਕਕੇ ਲੰਗਰ ਕੱਢਿਆ ਤੇ ਆਨੰਦ ਨਾਲ ਖਾਧਾ। ਲੰਗਰ ਖਾਂਦਿਆਂ ਹੀ ਨਿਗਾਹ ਇਕ ਕਣਕ ਦੇ ਖੇਤ ਤੇ ਪਈ ਜਿੱਥੇ ਕਣਕ ਨੂੰ ਪਾਣੀ ਲੱਗ ਰਿਹਾ ਸੀ।ਕਮਾਲ ਦਾ ਪ੍ਰਬੰਧ ਸੀ। ਕਰੀਬ ਦੋ ਸੌ ਮੀਟਰ ਲੰਬਾ ਤਕਰੀਵਨ ਚਾਰ ਇੰਚ ਮੋਟਾ ਪਾਈਪ ਜਿਸ ਵਿਚ ਛੋਟੇ ਛੇਕ ਮਾਰਕੇ ਫੁਆਰਾ ਬਣਾਇਆ ਹੋਇਆ ਸੀ। ਪਾਈਪ ਜਮੀਨ ਤੋਂ ਤਿੰਨ ਚਾਰ ਫੁੱਟ ਉੱਚਾ ਸੀ ਜਿਸਨੂੰ  ਲੰਬਾਈ ਰੁਖ  ਕਾਰ ਜੀਪ ਦੇ ਕਰੀਬ ਦਸ ਟਾਇਰਾਂ ਦੇ ਉਪਰ ਫਿਟ ਕੀਤਾ ਹੋਇਆ ਸੀ।ਪਾਈਪ ਨੂੰ ਇਕ ਪਾਸੇ ਤੋਂ ਪਾਣੀ ਦਾ ਕਨੈਕਸਨ ਦਿਤਾ ਹੋਇਆ ਸੀ।ਟਾਇਰਾਂ ਨੂੰ ਬਿਜਲੀ ਦੀ ਮੋਟਰ ਨਾਲ ਬਹੁਤ ਹੀ ਹੌਲ਼ੀ ਸਪੀਡ ਨਾਲ ਅੱਗੇ ਤੋਰਿਆ ਜਾ ਰਿਹਾ ਸੀ।ਲੰਬਾ ਪਿਆ ਪਾਈਪ ਦਾ ਫੁਆਰਾ ਕਣਕ ਨੂੰ ਸਿੰਜਦਾ ਹੋਇਆ ਹੌਲੀ ਹੋਲੀ ਅੱਗੇ ਵਧੀ ਜਾ ਰਿਹਾ ਸੀ।ਲੋੜ ਅਨੁਸਾਰ ਪਾਣੀ ਦਿਤਾ ਜਾ ਰਿਹਾ ਸੀ।ਮਾਮੂਲੀ ਪਾਣੀ ਵੀ ਜਾਇਆ ਨਹੀਂ ਹੋ ਰਿਹਾ ਸੀ।ਇਹ ਦੇਖਕੇ ਸਾਡੇ ਪੰਜਾਬ ਦੇ ਖੇਤਾਂ ਚ ਨੱਕੇ ਵੱਢ ਕੇ ਲਗਦਾ ਪਾਣੀ ਯਾਦ ਆ ਰਿਹਾ ਸੀ।ਇਹ ਸਵਾਲ ਵੀ ਜਬਾਨ ਤੇ ਭਾਰੂ ਹੋ ਗਿਆ ਸੀ ਕਿ ਅਸੀਂ ਇਨ੍ਹਾਂ ਨਾਲ ਕਦੋਂ ਰਲਾਂਗੇ?ਗੱਲਾਂ ਕਰਦਿਆਂ ਜਬਾਬ ਆ ਰਿਹਾ ਸੀ ਸਾਇਦ ਕਦੇ ਵੀ ਨਹੀਂ"।
ਸਫਰ ਤਕਰੀਵਨ ਅੱਧਾ ਹੋ ਗਿਆ ਸੀ। ਗੱਡੀ ਵਿਚ ਬੈਠਿਆਂ ਆਲੇ ਦੁਆਲੇ ਨਿਗਾਹ ਮਾਰਦਿਆਂ,ਕਣਕ ਅਤੇ ਅੰਗੂਰਾਂ ਦੇ ਲੰਬੇ ਚੌੜੇ ਖੇਤ ਦਿਖਾਈ ਦੇ ਰਹੇ ਸਨ।ਜਿਥੇ ਕਿਤੇ ਅੰਗੂਰਾਂ ਦੇ ਖੇਤ ਜਿਆਦਾ ਹੁੰਦੇ aੁੱਥੇ ਵਾਈਨ(ਸਰਾਬ) ਬਨਾਉਣ ਦਾ ਕਾਰਖਾਨਾ ਵੀ ਨਾਲ ਹੀ ਹੁੰਦਾ ਜਿਥੇ ਸਰਾਬ ਬਣਾ ਕੇ ਬਾਹਰ ਨੂੰ ਭੇਜੀ ਜਾਂਦੀ ਹੈ।ਚਲਦਿਆਂ ਹੀ ਮੁਰ੍ਹੇ ਦਰਿਆ ਆ ਗਿਆ।ਮੁਰ੍ਹੇ ਦਰਿਆ ਦਾ ਨਾਮ ਸਾਰੇ ਆਸਟ੍ਰੇਲਆ ਵਿਚ ਉੱਚਾ ਨਾਮ ਹੈ।ਇਹ ਦਰਿਆ ਹਿੰਦੁਸਤਾਨੀ ਗੰਗਾ ਨਦੀ ਵਾਂਗ ਆਸਟ੍ਰੇਲੀਆ ਦੀਆਂ ਪੱਛਮੀ ਪਹਾੜੀਆਂ ਵਿਚੋਂ ਨਿਕਲਦਾ ਹੈ। ਪਹਾੜਾਂ ਵਿਚੋਂ ਨਿਕਲਦੇ ਛੋਟੇ ਛੋਟੇ ਨਦੀਆਂ ਨਾਲੇ ਇਸੇ ਵਿਚ ਸਮੋ ਜਾਂਦੇ ਹਨ ਜਿਸ ਕਰਕੇ ਇਹ ਭਰਵਾਂ ਪਾਣੀ ਲ਼ੈਕੇ ਕੁਦਰਤੀ ਵਹਿਣਾਂ ਵਿਚਦੀ ਬਹਿੰਦਾ ਹੋਇਆ ਆਸਟ੍ਰੇਲੀਆ ਦੀਆਂ ਦੋ ਸਟੇਟਾਂ ਐਨ.ਐਸ.ਡਬਲਯੂ.ਤੇ ਕੂਈਨਜ ਲੈਂਡ ਦੇ ਬਾਰਡਰ ਇਲਾਕਿਆਂ ਵਿਚਦੀ ਹੁੰਦਾ ਹੋਇਆ ਸਾਊਥ ਆਸਟ੍ਰੇਲੀਆ ਦੀ ਧਰਤੀ ਨੂੰ ਹਰਾ ਭਰਿਆ ਬਣਾਉਂਦਾ ਸਮੁੰਦਰ ਵਿਚ ਜਾ ਡਿਗਦਾ ਹੈ।ਇਸ ਦਰਿਆ ਦੀ ਲੰਬਾਈ ਕਰੀਬ ਢਾਈ ਹਜਾਰ ਕਿਲੋਮੀਟਰ ਦੱਸੀ ਜਾਂਦੀ ਹੈ।ਪੁਰਾਣੇ ਸਮਿਆਂ ਵਿਚ ਭਾਵੇਂ ਇਸਦਾ ਪਾਣੀ ਵਿਅਰਥ ਹੀ ਚਲਿਆ ਜਾਂਦਾ ਸੀ ਪਰ ਅੱਜ ਕੱਲ੍ਹ ਇਸ ਦਰਿਆ ਤੇ ਜਗ੍ਹਾ ਜਗ੍ਹਾ ਤੇ ਪਾਣੀ ਦੇ ਡੈਮ ਬਣਾ ਕੇ ਖੇਤੀ ਦੀ ਸਿੰਜਾਈ ਦਾ ਸਾਧਨ ਬਣਾ ਦਿਤਾ ਗਿਆ ਹੈ।ਜਿੱਥੋਂ ਦੀ ਇਹ ਦਰਿਆ ਵਗਦਾ ਹੈ ਇਸਦੇ ਇਰਦ ਗਿਰਦ ਦੀ ਮੀਲ਼ਾਂ ਬੱਧੀ ਜਮੀਨ ਖੇਤੀ ਨਾਲ ਭਰਪੂਰ ਹੈ।
ਦਰਿਆ ਦਾ ਪੁਲ ਪਾਰ ਕਰਨ ਤੋਂ ਬਾਅਦ ਕੁੱਝ ਕੁ ਮੀਲ਼ਾਂ ਤੇ ਜਾਕੇ ਥੋੜੀ ਜਿੰਨੀ ਅਬਾਦੀ ਆ ਗਈ।ਅਬਾਦੀ ਵਿਚ ਸਾਡੀ ਸਿਖ ਪੰਜਾਬੀਅਤ ਦੀ ਨਿਸਾਨੀ ਹਵਾ ਵਿਚ ਝੁਲ ਰਹੀ ਸੀ।ਗੌਸੋਪ ਨਾਮ ਦੇ ਇਸ ਕਸਬੇ ਵਿਚ ਤੇ ਇਰਦ ਗਿਰਦ ਦੇ ਇਲਾਕੇ ਵਿਚ ਕਾਫੀ ਪੰਜਾਬੀ ਲੋਕ ਰਹਿੰਦੇ ਹਨ।ਸੜਕ ਕੰਢੇ ਹੀ ਗੁਰਦੁਆਰਾ ਹੈ ਜਿਸ ਅੰਦਰ ਉਚਾਂ ਸਾਰਾ ਨਿਸਾਨ ਸਾਹਿਬ ਝੂਲਦਾ ਹੈ।ਗਿਆਨੀ ਸੰਤੋਖ ਸਿੰਘ ਦੀ ਜਾਣ ਪਹਿਚਾਣ ਆਸਟ੍ਰੇਲੀਆ ਦੇ ਸਾਰੇ ਗੁਰਦੁਆਰਿਆਂ ਵਿਚ ਹੈ ਜਿਸ ਕਰਕੇ ਗਿਆਨੀ ਜੀ ਗੱਡੀ ਰੁਕਵਾ ਕੇ ਗੁਰਦੁਆਰੇ ਗਏ ਪਰ ਉੱਥੇ ਜਿੰਦਰਾ ਲੱਗਾ ਹੋਇਆ ਸੀ ਅਤੇ ਕਿਸੇ ਦੇ ਘਰ ਮਿਲਣ ਗਏ ਇੱਥੋਂ ਪਤਾ ਲੱਗਾ ਕਿ ਉਹ ਖੇਤਾਂ ਵਿਚ ਕੰਮ ਕਰਨ ਗਏ ਹੋਏ ਹਨ ਇਸ ਲਈ ਵਾਪਸ ਆ ਗਏ ਤੇ ਗੱਡੀ ਤੋਰ ਲਈ।
ਕਰੀਬ ਵੀਹ ਕਿਲੋਮੀਟਰ ਦਾ ਸਫਰ ਤੈ ਕਰਨ ਬਾਅਦ ਅਸੀਂ ਮਿਥੀ ਹੋਈ ਮੰਜਲ ਰੇਨ ਮਾਰਕ ਗੁਰਦੁਆਰੇ ਪਹੁੰਚ ਗਏ।ਰੇਨ ਮਾਰਕ ਮੇਨ ਰੋਡ ਤੇ ਵਸਿਆ ਭਰਵਾਂ ਕਸਬਾ ਹੈ।ਮੁਰ੍ਹੇ ਦਰਿਆ ਇਥੇ ਆ ਕੇ ਸੜਕ ਦੇ ਅੰਗ ਸੰਗ ਹੋ ਤੁਰਦਾ ਹੈ।ਰੇਨ ਮਾਰਕ ਦੀ ਅਬਾਦੀ ਵਿਚ ਭਾਵੇਂ ਗੋਰੇ ਲੋਕ ਭਾਰੂ ਹਨ ਪੰ੍ਰਤੂ ਬਾਹਰਲੀ ਦੁਨੀਆਂ ਤੋਂ ਆਏ ਹੋਏ ਲੋਕਾਂ ਦੀ ਰਲਵੀਂ ਅਬਾਦੀ ਦਾ ਹਿੱਸਾ ਵੀ ਕਾਫੀ ਹੈ।ਸਮਾਨ ਦੀ ਖਰੀਦੋ ਫਰੋਖਤ ਲਈ ਵੱਡੇ ਮਾਲ ਹਨ।ਸੜਕ ਕੰਢੇ ਹੀ ਬਜਾਰ ਵੀ ਹੈ ਜੋ ਜੀਵਨ ਦੀਆਂ ਨਿੱਕੀਆਂ ਮੋਟੀਆਂ ਲੋੜਾਂ ਪੂਰੀਆਂ ਕਰਦਾ ਹੈ।ਗੁਰਦੁਆਰੇ ਦੇ ਭਾਈ ਜੀ ਗੁਰਦਿਆਲ ਸਿੰਘ ਨੇ ਸਾਨੂੰ ਚਾਹ ਪਾਣੀ ਪਿਲਾਇਆ ਤੇ ਇਨ੍ਹੇ ਨੂੰ ਸਰਦਾਰ ਪਿਆਰਾ ਸਿੰਘ ਜਿਸਨੂੰ ਅਸੀਂ ਫੋਨ ਤੇ ਕੌਂਟੈਕਟ ਕੀਤਾ ਹੋਇਆ ਸੀ ਵੀ ਆ ਪਹੂੰਚੇ।ਮਿਲਦਿਆਂ ਹੀ ਬਹੁਤ ਖੁਸੀ ਹੋਈ ਤੇ ਦੱਸਿਆ ਕਿ ਅਸੀਂ ਤੁਹਾਡੇ ਬਾਗਾਂ ਦੇ ਫਾਰਮ ਦੇਖਣ ਆਏ ਹਾਂ।ਪਿਆਰਾ ਸਿੰਘ ਨੇ ਬਹੁਤ ਹੀ ਖੂਸ ਹੋ ਕੇ ਆਪਣੀ ਗੱਡੀ ਅੱਗੇ ਲਗਾ ਲਈ ਤੇ ਸਾਨੂੰ ਪਿੱਛੇ ਆਉਣ ਲਈ ਕਿਹਾ।
ਸਹਿਰੋਂ ਬਾਹਰ ਕਰੀਬ ਦਸ ਕਿਲੋਮੀਟਰ ਤੇ ਜਾ ਕੇ ਗੱਡ ਆਿਂ ਰੁਕੀਆਂ।ਬਹੁਤ ਹੀ ਲੰਬਾ ਚੌੜਾ ਬਦਾਮਾਂ ਦਾ ਬਾਗ ਸੀ।ਪਿਆਰਾ ਸਿੰਘ ਨੇ ਦੱਸਿਆ ਕਿ ਮੈਂ ਇਹ ਬਾਗ ਡੇਢ ਕੁ ਸਾਲ ਹੀ ਪਹਿਲਾਂ ਢਾਈ ਮਿਲੀਅਨ ਡਾਲਰ ਦ ਮੁੱਲ  ਲਿਆ ਹੈ।ਇਹ ਡੇਢ ਸੌ ਏਕੜ ਦਾ ਬਾਗ ਹੈ।ਬਾਗ ਦੇ ਇਰਦ ਗਿਰਦ ਅਸੀਂ ਗੱਡੀਆਂ ਉਪਰ ਚੜ੍ਹਕੇ ਹੀ ਘੁੰਮ ਸਕੇ। ਬਾਗ ਬਹੁਤ ਹੀ ਹਰਿਆ ਭਰਿਆ ਸੀ।ਲੋੜ ਅਨੁਸਾਰ ਸੰਘਣੇ ਦਰਖਤ ਸਨ।ਦਰਖਤ ਸਿੱਧੀਆਂ ਲਾਈਨਾਂ ਵਿਚ ਲੱਗੇ ਹੋਏ ਸਨ।ਦਰਖਤ ਆਪਣੇ ਪੂਰੇ ਜੋਬਨ ਤੇ ਸਨ।ਪੂਰੇ ਬਾਗ ਦੀ ਉਚਾਈ ਕਰੀਬ ਅਠਾਰ੍ਹਾਂ ਕੁ ਫੁੱਟ ਜਾਪਦੀ ਸੀ।ਬਾਗ ਲੱਗੇ ਨੂੰ ਦਸ ਕੁ ਸਾਲ ਹੋ ਗਏ ਸਨ। ਬਾਗ ਦੀ ਬਾਕੀ ਉਮਰ ਬਾਰੇ ਦੱਸਿਆ ਗਿਆ ਕਿ ਇਹ ਬੰਦੇ ਦੀ ਸੇਵਾ ਤੇ ਨਿਰਭਰ ਕਰਦਾ ਹੈ ਜੇ ਸੇਵਾ ਠੀਕ ਹੋਈ ਜਾਵੇ ਤਾਂ ਬੂਟਾ ਪੰਜਾਹ ਸਾਲ ਨਹੀਂ ਮਰਦਾ। ਅਗਸਤ ਦਾ ਮਹੀਨਾ ਸੀ ਸਾਡੇ ਦੇਖਦਿਆਂ ਬਾਗ ਨੂੰ ਫੁੱਲ਼ ਆ ਰਿਹਾ ਸੀ। ਬਾਗ ਦਾ ਚਿੱਟਾ ਫੂੱਲ ਬਰਫ ਦੇ ਗੋੜ੍ਹਿਆਂ ਦੀ ਤਰਾਂ ਬਾਗ ਨੁੰ ਢਕ ਰਿਹਾ ਸੀ।ਬਾਗ ਦੀ ਆਮਦਨ ਵਾਰੇ ਪਿਆਰਾ ਸਿੰਘ ਪੂਰੀ ਤਰਾਂ੍ਹ ਸੰਤੁਸਟ ਸੀ ਤੇ ਨਾਲ ਹੀ  ਦੱਸ ਰਿਹਾ ਸੀ ਕਿ ਖਰਚੇ ਵੀ ਬਹੁਤ ਹਨ,ਬਾਗ ਦੇ ਆਲੇ ਦੁਆਲੇ ਪਏ ਲੱਕੜੀ ਦੇ ਚਿੱਟੇ ਬਕਸੇ ਜਿਨ੍ਹਾਂ ਵਿਚ ਮਖਿਆਲ ਦੀਆਂ ਮੱਖੀਆਂ ਸਨ ਵਾਰੇ ਦੱਸ ਰਿਹਾ ਸੀ ਕਿ ਇਕ ਬਕਸੇ ਦਾ ਕਿਰਾਇਆ ਡੇਢ ਸੌ ਡਾਲਰ ਹੈ ਕਰੀਬ ਦੋ ਸੌ ਬਕਸਾ ਹੈ।ਮੱਖੀਆਂ ਦੇ ਕਿਰਾਏ ਬਾਰੇ ਗੱਲ ਸਮਝਣ ਲਈ ਉਸਨੇ ਦੱਸਿਆ ਕਿ ਮੱਖੀਆ ਤੋਂ ਬਗੈਰ ਫਲ ਨਹੀਂ ਬਣਦਾ ਫੁੱਲ ਸੁੱਕ ਕੇ ਝੜ ਜਾਂਦਾ ਹੈ ਪਰ ਮੱਖੀ ਨਰ ਫਲਾਂ ਵਿਚੋਂ ਮਦੀਨ ਫੁੱਲਾਂ ਦੇ ਗਰਭ ਵਿਚ ਬੀਜ ਪਾਉਂਦੀ ਹੈ ਜਿਸ ਨਾਲ ਫਲ ਬਣਦਾ ਹੈ। ਇਹ ਸਭ ਕੁੱਝ ਸਾਡੇ ਲਈ ਹੈਰਾਨੀ ਜਨਕ ਸ਼ੀ।ਖੇਤ ਵਿਚ ਹੀ ਇਕ ਕਾਫੀ ਵੱਡਾ ਗਡਾਊਨ ਸੀ ਜਿਸਦੇ ਇਕ ਭਾਗ ਵਿਚ ਮਸ਼ੀਨਰੀ ਹੈ ਦੂਜੇ ਵਿਚ ਬਦਾਮ ਜਮਾਂ੍ਹ ਕੀਤਾ ਜਾਂਦਾ ਤੇ ਲੋੜ ਅਨੁਸਾਰ ਠੀਕ ਰੇਟ ਦੇਖਕੇ ਵੇਚ ਦਿਤਾ ਜਾਂਦਾ ਹੈ।ਗਡਾਊਨ ਦੇ ਬਾਹਰ ਪਿਆਰਾ ਸਿੰਘ ਦਾ ਵੱਡਾ ਲੜਕਾ ਇਕ ਵੱਡੀ ਮਸੀਨ ਦੀ ਰੀਪੇਅਰ ਕਰ ਰਿਹਾ ਸੀ।ਮੁੰਡੇ ਨਾਲ ਪਿਆਰਾ ਸਿੰਘ ਨੇ ਜਾਣ ਪਹਿਚਾਣ ਕਰਵਾਈ ਤੇ ਦੱਸਿਆ ਕਿ ਇਹ ਬਹੁਤ ਪੜ੍ਹਿਆ ਲਿਖਿਆ ਹੈ।ਇਨਫਰਮੇਸਨ ਟੈਕਨਾਲੋਜੀ ਦਾ ਟੀਚਰ ਹੈ ਪ੍ਰੰਤੂ ਘਰੇਲੂ ਕੰਮ ਜਿਆਦਾ ਹੋਣ ਕਰਕੇ ਇਸਨੇ ਨੌਕਰੀ ਤੋਂ ਅਸਤੀਫਾ ਦਿਤਾ ਹੋਇਆ ਹੈ।ਸਾਡੀ ਇਸ ਗੱਲ ਤੇ ਹੈਰਾਨਗੀ ਸੀ ਕਿ ਕਿੰਨੀ ਉੱਚੀ ਪੜ੍ਹਾਈ ਕਰਕੇ ਵੀ ਮੁੰਡਾ ਘਰੇਲੂ ਕੰਮ ਵਿਚ ਮਸਤ ਹੈ।ਇਸਤੋਂ ਬਾਅਦ ਅਸੀਂ ਅੰਗੂਰਾਂ ਦੇ ਬਾਗ ਵੱਲ ਚਲੇ ਗਏ।ਇਹ ਬਾਗ ਵੀ ਕਿੰਨਾਂ ਲੰਬਾ ਚੌੜਾ ਸੀ।ਇਕ ਸਿਰੇ ਤੇ ਖੜੋ ਕੇ ਦੂਸਰੇ ਸਿਰੇ ਤਕ ਦੀ ਲੰਬਾਈ ਕਰੀਬ ਇਕ ਕਿਲੋਮੀਟਰ ਦਿਖਾਈ ਦੇ ਰਹੀ ਸੀ।ਸਾਰਾ ਬਾਗ ਪੂਰੇ ਸਿਸਟਮ ਵਿਚ ਬੱਝਿਆ ਹੋਇਆ ਸੀ।ਪਾਣੀ ਦਾ ਪ੍ਰ੍ਰਬੰਧ ਪਾਈਪਾਂ ਰਾਹੀਂ ਕੀਤਾ ਹੋਇਆ ਸੀ।ਅੰਗੂਰਾਂ ਦੀਆਂ ਵੇਲਾਂ ਲਾਈਨਾਂ ਵਿਚ ਸਨ।ਲਾਈਨਾਂ ਅੰਦਰ ਮਸੀਨਰੀ ਤੁਰਨ ਲਈ ਪੂਰੀ ਪੂਰੀ ਥਾਂ ਸੀ।ਵੇਲਾਂ ਦੀ ਕਟਾਈ ਦੀ ਮਸੀਨ ਟਰੈਕਟਰ ਉਤੇ ਫਿਟ ਕੀਤੀ ਹੋਈ ਸੀ ਸਾਰੀ ਕਟਾਈ ਮਸੀਂਨ ਨੇ ਹੀ ਕੀਤੀ ਹੋਈ ਸੀ।ਕਟਾਈ ਇੰਨੀ ਸਾਫ ਸੁਥਰੀ ਤੇ ਸਿੱਧੀ ਸੀ ਕਿ ਇਕ ਸਿਰੇ ਤੇ ਖੜੇ ਹੋਕੇ ਇੰਝ ਲਗਦਾ ਸੀ ਜਿਵੇਂ ਇਹ ਵੇਲਾਂ ਦੀ ਲੰਬਾਈ ਨਹੀਂ ਸਗੋਂ ਇੱਟਾਂ ਦੀ ਚਿਣੀ ਹੋਈ ਦੀਵਾਰ ਦੀ ਲੰਬਾਈ ਹੈ।ਇਹ ਬਾਗ ਦੇਖਕੇ ਵੀ ਬਹੁਤ ਖੁਸੀ ਹੋਈ। ਪਿਆਰਾ ਸਿੰਘ ਨੂੰ ਪੁੱਛਣ ਤੇ ਪਤਾ ਲੱਗਿਆ ਕਿ ਉਸ ਕੋਲ ਸਾਢੇ ਚਾਰ ਸੌ ਏਕੜ ਜਮੀਨ ਹੈ ਜਿਸ ਵਿਚ ਸਿਰਫ ਬਾਗ ਹੀ ਹਨ ਕੋਈ ਛੋਟੀ ਫਸਲ ਨਹੀਂ।ਘੁੰਮਦਿਆਂ ਫਿਰਦਿਆਂ ਸਮਾਂ ਕਾਫੀ ਹੋ ਗਿਆ ਸੀ।ਸੂਰਜ ਧਰਤੀ ਤੋਂ ਵਿਦਾਈ ਲੈਣ ਵੱਲ ਵਧ ਰਿਹਾ ਸੀ।ਛੁਪਦੇ ਸੂਰਜ ਦੀ ਲਾਲੀ ਵਿਚ ਠੰਡ ਦਾ ਨਿੱਘ ਸੀ।"ਚਲੋ ਹੁਣ ਆਪਾਂ ਘਰ ਨੂੰ ਚਲਦੇ ਹਾਂ ਬਾਕੀ ਕੱਲ੍ਹ ਸਹੀ"।ਪਿਆਰਾ ਸਿੰਘ ਨੇ ਸਾਨੂੰ ਸਾਰਿਆਂ ਨੂੰ ਕਿਹਾ।ਗੁਰਪਰੀਤ ਤੇ ਮਾਸਟਰ ਆਪਣੇ ਇਰਾਦੇ ਵਿਚ ਪੱਕੇ ਨਿਕਲੇ"ਘਰ ਨੂੰ ਕਿਤੇ ਫੇਰ ਸਹੀ,ਅਸੀਂ ਵਾਪਸ ਚਲਦੇ ਹਾਂ"। ਪਿਆਰਾ ਸਿੰਘ ਤੇ ਅਸੀਂ ਬੜਾ ਜੋਰ ਲਾਇਆ ਪਰ ਨਹੀਂ ਮੰਨੇ ਤੇ ਵਾਪਸ ਤੁਰ ਪਏ।
ਸੂਰਜ ਛੁਪਣ ਤੋਂ ਬਾਅਦ ਦੇ ਹਨ੍ਹੇਰੇ ਵਿਚ ਘਰ ਪਹੁੰਚਦਿਆਂ, ਸਫੈਦ ਰੰਗ ਦਾ ਲੰਬਾ ਚੌੜਾ ਮਕਾਨ ਆਪਣੀ ਟੌਰ੍ਹ ਦਾ ਪ੍ਰਦਰਸਣ ਕਰ ਰਿਹਾ ਸੀ।ਵਸੋਂ ਵਾਲੇ ਮਕਾਨ ਦੀ ਇਕ ਸਾਈਡ ਤੇ ਇਕ ਵੱਡਾ ਸਾਰਾ ਹਾਲ ਕਮਰਾ ਮਹਿਮਾਨਾਂ ਵਾਸਤੇ ਅਲਹਿਦਾ ਹੀ ਬਣਵਾਇਆ ਹੋਇਆ ਸੀ।ਹਾਲ ਡਬਲ ਬੈਡ, ਸਿੰਗਲ ਬੈਡ,ਸਿਫਆਂ ਤੇ ਡਾਈਨਿੰਗ ਸੈਟ ਨਾਲ ਭਰਿਆ ਹੋਇਆ ਸੀ।ਹਾਲ ਵਿਚ ਜਿੱਥੇ ਮਹਾਤਮਾ ਗਾਂਧੀ ਤੇ ਨਹਿਰੂ ਦੀਆਂ ਫੋਟੋਆਂ ਲਟਕ ਰਹੀਆਂ ਸਨ ਉੱਥੇ ਆਸਟ੍ਰੇਲੀਅਨ ਗੋਰੇ ਲੀਡਰਾਂ ਦੀਆਂ ਫੋਟੋਆਂ ਵੀ ਲਿਸਕਾਂ ਮਾਰ ਰਹੀਆਂ ਸਨ।ਆਸਟ੍ਰੇਲੀਆ ਅਤੇ ਭਾਰਤੀ ਮੁਲਕ ਦੇ ਛੋਟੇ ਸਾਈਜ ਦੇ ਝੰਡੇ ਦੀਵਾਰ ਉਪਰ ਸਜਾਏ ਹੋਏ ਸਨ।ਹਾਲ ਦੇ ਨਾਲ ਹੀ ਟਾਇਲਟ ਤੇ ਬਾਥ ਰੂਮ ਸਨ।ਹਾਲ ਬਾਹਰੋਂ ਆਏ ਗਏ ਮਹਿਮਾਨਾਂ ਨੂੰ ਪੂਰੀ ਸੰਤੁਸਟੀ ਦਿੰਦਾ ਸੀ।ਬੈਠਦਿਆਂ ਹੀ ਚਾਹ ਪਾਣੀ ਦਾ ਪ੍ਰਬੰਧ ਹੋ ਗਿਆ ਤੇ ਟੀ.ਵੀ. ਉਪਰ ਸੀ.ਡੀ. ਰਾਹੀਂ ਰਹਿ ਰਾਸ ਦਾ ਪਾਠ ਸੁਰੂ ਹੋ ਗਿਆ।ਥੋੜੀਆਂ ਬਹੁਤੀਆਂ ਘਰੇਲੂ ਤੇ ਸਮਾਜਿਕ ਗੱਲਾਂ ਤੋਂ ਬਾਅਦ ਰੋਟੀ ਪਾਣੀ ਖਾ ਪੀ ਕੇ ਮੈਂ ਤੇ ਗਿਆਨੀ ਜੀ ਬੈਡਾਂ ਤੇ ਲੇਟ ਗਏ।ਦਿਨ ਦੀ ਥਕਾਵਟ ਕਰਕੇ ਗੂੜ੍ਹੀ ਨੀਂਦ ਨੇ ਜਲਦੀ ਹੀ ਸਾਨੂੰ ਆਪਣੇ ਕਲਾਵੇ ਵਿਚ ਲੈ ਲਿਆ।
ਸੁਭਹ ਹੁੰਦਿਆਂ ਹੀ ਪਿਆਰਾ ਸਿੰਘ ਨੇ ਆਕੇ ਸਾਨੂੰ ਆਵਾਜ ਲਗਾਈ ਤੇ ਚਾਹ ਪਾਣੀ ਵਾਰੇ ਪੁੱਛਿਆ।ਮੈਂ ਇਕ ਕੱਪ ਚਾਹ ਦੀ ਇੱਛਾ ਜਤਾਈ ਜੋ ਕਿ ਪਿਆਰਾ ਸਿੰਘ ਜਲਦੀ ਹੀ ਲੈ ਆਇਆ।ਜਪੁਜੀ ਸਾਹਿਬ ਦਾ ਪਾਠ ਟੈਲੀਵੀਜਨ ਤੇ ਲਗਾ ਦਿਤਾ ਗਿਆ।ਨਹਾ ਧੋ ਕੇ ਤਿਆਰ ਹੋਏ,ਪਿਆਰਾ ਸਿੰਘ ਪੰਜਾਬੀ ਪਰਾਂਉਠਿਆਂ ਦਾ ਨਾਸਤਾ ਲੈ ਆਇਆ।ਨਾਸਤਾ ਕਰਦਿਆਂ ਹੀ ਪਿਆਰਾ ਸਿੰਘ ਆਪਣੇ ਪੋਤੇ ਪੋਤੀਆਂ ਨੂੰ ਕਾਰ ਉੱਤੇ ਸਕੂਲ਼ ਛੱਡਣ ਚਲਾ ਗਿਆ।ਮੈੰ ਤੇ ਗਿਆਨੀ ਜੀ ਬਾਹਰ ਆਕੇ ਘਰ ਦੇ ਪਿਛਲੇ ਪਾਸੇ ਆਲੂ ਬੁਖਾਰਿਆਂ ਦੇ ਬਾਗ ਉੱਤੇ ਨਿਗਾਹ ਮਾਰਨ ਲੱਗੇ।ਬਾਗ ਕਾਫੀ ਲੰਬਾ ਚੌੜਾ ਸੀ।ਬੂਟਿਆਂ ਦੀ ਕਟਾਈ ਕੀਤੀ ਹੋਈ ਸੀ ਤੇ ਨਵੀਂ ਫੁੱਟ ਸੁਰੂ ਹੋ ਗਈ ਸੀ।ਉੱਥੇ ਫਿਰਦਿਆਂ ਹੀ ਮੇਰੀ ਨਿਗਾਹ,ਬਾਗ ਉਪਰ ਦੀ ਇਕ ਮੋਟਰ ਸਾਈਕਲ ਸਵਾਰ ਤੇ ਪਈ ਜੋ ਕਿ ਬਾਗ ਉਪਰ ਦੀ ਚੱਕਰ ਕੱਟ ਰਿਹਾ ਸੀ।ਦੇਖਦਿਆਂ ਹੀ ਦੇਖਦਿਆਂ ਉਹ ਮੋਟਰ ਸਾਈਕਲ ਸਵਾਰ ਸਾਡੇ ਪਾਸ ਆ ਗਿਆ।ਮੋਟਰ ਸਾਈਕਲ ਤੋਂ ਉੱਤਰ ਕੇ ਜਦੋਂ ਉਹ ਸਾਡੇ ਨਜਦੀਕ ਆਇਆ ਉਹ ਤਾਂ ਪਿਆਰਾ ਸਿੰਘ ਦੀ ਛੋਟੀ ਨੂੰਹ ਸੀ।ਜਵਾਨ ਉਮਰ ਦੀ ਲੜਕੀ ਗੋਰਾ ਰੰਗ ਸਡੌਲ ਸਰੀਰ ਖੇਤਾਂ ਵਿਚ ਕੰਮ ਕਰਨ ਵਾਲੇ ਢਿਲੇ ਜਿਹੇ ਪੈਂਟ ਕਮੀਜ ਤੇ ਸਿਰ ਉੱਤੇ ਕਪੜੇ ਦੀ ਟੋਪੀ ਜਿਸ ਨਾਲ ਕੰਨ ਤੇ ਗਰਦਣ ਢਕਣ ਲਈ ਕਪੜੇ ਦੀ ਝਾਲਰ ਲੱਗੀ ਹੋਈ ਸੀ ਸਾਡੇ ਪਾਸ ਆ ਗਈ।ਗੂੜ੍ਹੀ ਅਪਣੱਤ ਦਾ ਇਜਹਾਰ ਕਰਦਿਆਂ ਦੋਵੇਂ ਹੱਥ ਜੋੜਕੇ ਸਾਨੂੰ ਸਤਿਸ੍ਰੀਅਕਾਲ ਬੁਲਾਈ ਤੇ ਗਿਆਨੀ ਜੀ ਨੂੰ ਤਾਇਆ ਜੀ ਕਹਿਕੇ ਹਾਲ ਚਾਲ ਪੁੱਛਣ ਲੱਗੀ।ਗਿਆਨੀ ਜੀ ਨੇ ਪਿਛਲੀ ਯਾਦ ਦਿਵਾਉਂਦਿਆਂ ਪੁੱਛਿਆ "ਪਹਿਲਾਂ ਤੁਹਾਡਾ ਘਰ ਇੱਥੇ ਨਹੀਂ ਹੁੰਦਾ ਸੀ?"ਕੁੜੀ ਨੇ ਦੱਸਿਆ "ਹਾਂ ਤਾਇਆ ਜੀ ਅਸੀਂ ਉਹ ਢਾਹ ਕੇ ਅੋਹ ਨਵਾਂ ਬਣਾ ਲਿਆ ਹੈ ਤੇ ਇੱਥੇ ਮਸੀਨਰੀ ਲਈ ਸਟੋਰ ਬਣਾ ਲਿਆ ਹੈ"।ਸਟੋਰ ਕਾਫੀ ਲੰਬਾ ਚੌੜਾ ਸੀ ਜੋ ਕਿ ਮਸੀਨਰੀ ਨਾਲ ਭਰਿਆ ਪਿਆ ਸੀ।ਕੁੜੀ ਪੂਰੇ ਉਤਸਾਹ ਨਾਲ ਸਾਨੂੰ ਮਸੀਨਰੀ ਦਿਖਾਉਣ ਲੱਗ ਪਈ।ਇਕ ਟਰੈਕਟਰ ਜਿਸ ਉਪਰ ਅੰਗੂਰਾਂ ਦੀਆਂ ਵੇਲਾਂ ਕੱਟਣ ਵਾਲੀ ਮਸੀਨ ਫਿਟ ਕੀਤੀ ਹੋਈ ਸੀ। ਮਸੀਨ ਦਾ ਸਾਰਾ ਕੰਟਰੋਲ ਹਾਈਡਰੌਲਿਕ ਨਾਲ ਕੀਤਾ ਹੋਇਆ ਸੀ।ਮਸੀਨ ਦਾ ਇਕ ਕਟਰ ਵੇਲਾਂ ਦੀ ਇਕ ਸਾਈਡ ਨੂੰ ਕੱਟਦਾ ਸੀ ਤੇ ਦੂਜਾ ਉਪਰ ਵਾਲੀ ਉਚਾਈ ਨੂੰ ਕੱਟਦਾ ਸੀ।ਕੁੜੀ ਮਸੀਨਰੀ ਵਾਰੇ ਸਾਨੂੰ ਇਉਂ ਸਮਝਾ ਰਹੀ ਸੀ ਜਿਵੇਂ ਖੁਦ ਇਕ ਮਕੈਨਿਕ ਹੋਵੇ।ਸਾਰੀ ਮਸੀਨਰੀ ਤੇ ਝਾਤ ਮਰਵਾ ਕੇ ਕੁੜੀ ਕਾਹਲੀ ਨਾਲ ਜਾਣ ਲੱਗੀ ਤੇ ਸਾਨੂੰ ਕਿਹਾ "ਅੱਛਾ ਅੰਕਲ ਮੈਂ ਚੱਲੀ ਹਾਂ ਸਾਡੇ ਖੇਤਾਂ ਵਿਚ ਕੰਮ ਕਰਨ ਵਾਲੇ ਬੰਦੇ ਆ ਗਏ ਹੋਣਗੇ"।ਕਹਿੰਦਿਆਂਸਾਰ ਝੱਟ ਹੀ ਕੁੜੀ ਛਾਲ ਮਾਰਕੇ ਇਕ ਟਰੈਕਟਰ ਤੇ ਚੜ੍ਹ ਗਈ ਤੇ ਟਰੈਕਟਰ ਸਟਾਰਟ ਕਰਕੇ ਸਾਡੇ ਕੋਲੋਂ ਦੌੜ ਗਈ।ਮੇਰੇ ਲਈ ਕਿੰਨਾ ਹੈਰਾਨੀ ਭਰਿਆ ਨਜਾਰਾ ਸੀ।ਕੁੜੀ ਪਹਿਲਾਂ ਮੋਟਰ ਸਾਈਕਲ ਤੇ ਖੇਤਾਂ ਦੁਆਲੇ ਘੁੰਮ ਰਹੀ ਸੀ ਫਿਰ ਸਾਨੂੰ ਮਸੀਨਰੀ ਵਾਰੇ ਜਾਣਕਾਰੀ ਦੇ ਰਹੀ ਸੀ ਤੇ ਫਿਰ ਟਰੈਕਰ ਚਲਾ ਕੇ ਖੇਤਾਂ ਨੂੰ ਚਲੀ ਗਈ।ਇਕ ਦਮ ਦਿਮਾਗ ਘੁੰਮ ਗਿਆ ਕਿ ਅਸੀਂ ਪੰਜਾਬ ਵਿਚ ਬੈਠੇ ਡੀਂਗਾਂ ਮਾਰਦੇ ਹਾਂ ਕਿ ਅਸੀਂ ਖੇਤਾਂ ਵਿਚ ਕੰਮ ਕਰਦੇ ਹਾਂ ਪਰ ਇੰਨ੍ਹਾਂ ਲੋਕਾਂ ਨਾਲ ਸਾਡਾ ਕੀ ਮੁਕਾਬਲਾ ਹੈ?
ਇੰਨੇ ਨੂੰ ਪਿਆਰਾ ਸਿੰਘ ਬੱਚਿਆਂ ਨੂੰ ਸਕੂਲ਼ ਛੱਡ ਕੇ ਆਗਿਆ ਤੇ ਸਾਨੂੰ ਕਾਰ ਵਿਚ ਬੈਠਾ ਕੇ ਰੇਨ ਮਾਰਕ ਲੈ ਤੁਰਿਆ।ਰੇਨ ਮਾਰਕ ਪਿਛਲੇ ਕੁੱਝ ਦਹਾਕਿਆਂ ਵਿਚ ਵਸਿਆ ਹੋਇਆ ਕਸਬਾ ਹੈ।ਵਸੋਂ ਪੂਰੀ ਵਿਉਂਤ ਬੰਦੀ ਨਾਲ ਕੀਤੀ ਹੋਈ ਹੈ।ਸੜਕ ਅਤੇ ਮੁਰ੍ਹੇ ਦਰਿਆ ਵਿਚਕਾਰ ਬਣਾਇਆ ਹੋਇਆ ਪਾਰਕ, ਬਾਹਰਲੇ ਯਾਤਰੀਆਂ ਲਈ ਖਿੱਚ ਦਾ ਕੇਂਦਰ ਹੈ।ਮੋਟੇ ਗਲੀਚੇ ਦੀ ਤਰਾਂ੍ਹ ਵਿਛਿਆ ਘਾਹ,ਫੁੱਲਦਾਰ ਪੌਦੇ ਤੇ ਛੋਟੇ ਬੱਚਿਆਂ ਲਈ ਬਣਾਏ ਹੋਏ ਜਾਨਵਰ ਵਧੀਆ ਨਜਾਰਾ ਪੇਸ ਕਰਦੇ ਹਨ।ਦਰਿਆ ਦੇ ਕੰਢੇ ਬਣਿਆ ਪੱਕਾ ਪੈਦਲ ਰਸਤਾ ਦਰਿਆ ਦੇ ਵਗਦੇ ਪਾਣੀ ਉਪਰ ਝਾਤ ਮਰਵਾਉਂਦਾ ਹੈ।ਸਵੇਰ ਦਾ ਸਮਾਂ ਸੀ ਆਮ ਲੋਕ ਇਸ ਰਸਤੇ ਤੇ ਸ਼ੈਰ ਕਰਦੇ ਫਿਰ ਰਹੇ ਸਨ ਜਦੋਂ ਕਿ ਭਰ ਜਵਾਨ ਦੋ ਗੋਰੀਆਂ ਕੁੜੀਆਂ ਜਿੰਨ੍ਹਾਂ ਨੇ ਕਾਲੇ ਰੰਗ ਦੇ ਐਥਲੈਟਿਕਸ ਵਾਲੀਆਂ ਨਿਕਰਾਂ ਤੇ ਬਲਾਊਜ ਪਹਿਨੇ ਹੋਏ ਸਨ ਆਪਣੇ ਹੱਥਾਂ ਵਿਚ ਕੁੱਤਿਆਂ ਦੀਆਂ ਸੰਗਲੀਆਂ ਫੜੀ ਦੌੜ ਲਾਉਂਦੀਆਂ ਆ ਰਹੀਆਂ ਸਨ ਤੇ ਕੁੱਤੇ ਬਰਾਬਰ ਦੌੜ ਲਗਾ ਰਹੇ ਸਨ।ਕਿੰਨਾਂ ਸੁਹਾਵਣਾ ਦ੍ਰਿਸ ਸੀ।ਬਹੁਤ ਹੀ ਅਦਭੁੱਤ ਨਜਾਰਾ ਇਹ ਬਣਦਾ ਹੈ ਕਿ ਵਗ ਰਹੇ ਦਰਿਆ ਕੰਢੇ ਕਿਸਤੀਆਂ ਦੀ ਤਰਾਂ੍ਹ ਲੱਕੜੀ ਦੇ ਮਕਾਨ ਕਿੰਨੀ ਲੰਬੀ ਲਾਈਨ ਵਿਚ ਦਰਿਆ ਅੰਦਰ ਖੜੇ ਹਨ।ਮਕਾਨਾਂ ਵਿਚ ਬੁੱਢੇ ਗੋਰੇ ਗੋਰੀਆਂ ਰਹਿੰਦੇ ਹਨ।ਆਪਣੀ ਜਿੰਦਗੀ ਦਾ ਦੁਨੀਆਦਾਰੀ ਦਾ ਸਫਰ ਤੈਅ ਕਰਕੇ ਆਖਰੀ ਉਮਰੇ ਇਥੇ ਆਨੰਦ ਮਾਣਦੇ ਹਨ।ਮਕਾਨ ਬਹੁਤ ਹੀ ਸੁੰਦਰ ਤੇ ਮਜਬੂਤ ਹਨ।ਮੀਂਹ ਹਨੇਰੀਆਂ ਦਾ ਕੋਈ ਖਤਰਾ ਨਹੀਂ।ਗਰਮੀ ਸਰਦੀ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ।ਮਕਾਨ ਨੁੰ ਕਿਤੇ ਦੂਰ ਦੁਰਾਡੇ ਲੈਜਾਣ ਲਈ ਅੰਦਰ ਹੀ ਇੰਜਣ ਫਿਟ ਹਨ ਮਨਚਾਹੀ ਥਾਂ ਤੇ ਖੜਾ ਕੀਤਾ ਜਾ ਸਕਦਾ ਹੈ।ਜੋ ਬੁੱਢੇ ਬੁਢੀਆਂ ਇੰਨ੍ਹਾਂ ਵਿਚ ਰਹਿੰਦੇ ਹਨ ਉਨ੍ਹਾਂ ਦਾ ਕੰਮ ਸਿਰਫ ਬਜਾਰੋਂ ਸਮਾਨ ਲਿਆ ਕੇ ਖਾਣਾ ਪੀਣਾ ਹੀ ਹੈ। ਖਰਚੇ ਲਈ ਸਰਕਾਰ ਵੱਲੋਂ ਪੈਨਸਨ ਦਾ ਪੈਸਾ ਵਧੀਆ ਗੁਜਾਰਾ ਕਰਵਾਉਂਦਾ ਹੈ।ਖਾ ਪੀ ਕੇ ਬਰਾਂਡੇ ਜਾਂ ਵਿਹੜੇ ਵਿਚ ਬੈਠਕੇ ਦਰਿਆ ਦੇ ਪਾਣੀ ਅਤੇ ਹਵਾਵਾਂ ਦਾ ਆਨੰਦ ਮਾਣਦੇ ਹਨ।ਇੰਨ੍ਹਾਂ ਲੋਕਾਂ ਨੂੰ ਦੇਖਕੇ ਮੈਂਨੂੰ ਲੱਗਿਆ ਕਿ ਅਸੀਂ ਲੋਕ ਮਰਨ ਤੋਂ ਬਾਅਦ ਸਵਰਗ ਚ ਜਾਣ ਦੀਆਂ ਗੱਲਾਂ ਕਰਦੇ ਹਾਂ ਪਰ ਇਹ ਲੋਕ ਜੀਂਦੇ ਜੀਅ ਸੁਰਗ ਭੋਗ ਰਹੇ ਹਨ।ਇੰਨ੍ਹਾਂ ਦੇ ਧੀਆਂ ਪੁੱਤਰ ਇੰਨ੍ਹਾਂ ਨੂੰ ਆ ਕੇ ਮਿਲਦੇ ਜੁਲਦੇ ਰਹਿੰਦੇ ਹਨ ਤੇ ਦੇਖ ਰੇਖ ਕਰਦੇ ਹਨ।
ਮਕਾਨਾਂ ਦੇ ਇਕ ਪਾਸੇ ਦਰਿਆ ਤੇ ਡੈਮ ਬਣਿਆ ਹੋਇਆ ਹੈ।ਜਿਸ ਰਾਹੀਂ ਦਰਿਆ ਚੋਂ ਪਾਣੀ ਕੱਢਕੇ ਇਲਾਕੇ ਦੀ ਖੇਤੀ ਬਾੜੀ ਨੂੰ ਲਗਾਇਆ ਜਾਂਦਾ ਹੈ।ਡੈਮ ਪੂਰੀ ਤਰ੍ਹਾਂ ਨਵੀਂ ਟੈਕਨੀਕ ਨਾਲ ਬਣਿਆ ਹੋਇਆ ਹੈ।ਦਰਿਆ ਵਿਚੋਂ ਬਿਜਲੀ ਦੀਆਂ ਮੋਟਰਾਂ ਨਾਲ ਪਾਣੀ ਖਿੱਚਕੇ ਮੋਟੇ ਪਾਈਪਾਂ ਰਾਹੀਂ ਖੇਤਾਂ ਨੂੰ ਭੇਜਿਆ ਜਾਂਦਾ ਹੈ।ਪਾਣੀ ਦੀ ਵੰਡ ਪੰਜਾਬ ਵਿਚ ਨਹਿਰਾਂ ਵਿਚੋਂ ਸੂਏ ਕੱਸੀਆਂ ਦੀ ਤਰ੍ਹਾਂ ਹੈ ਪ੍ਰੰਤੂ ਇਥੇ ਸਾਰਾ ਪਾਣੀ ਮੋਟੇ ਪਾਈਪਾਂ ਰਾਹੀਂ ਅੰਡਰਗਰਾਊਂਡ ਹੀ ਭੇਜਿਆ ਜਾਂਦਾ ਹੈ।ਪਾਈਪਾਂ ਵਿਚ ਪਾਣੀ ਦੀ ਸਪਲਾਈ ਲਈ ਵੱਡੇ ਸਾਈਜ ਦੀਆਂ ਛੇ ਮੋਟਰਾਂ ਲੱਗੀਆਂ ਹੋਈਆਂ ਹਨ।ਪਾਣੀ ਦੇ ਨਿਕਾਸ ਦੀ ਲੋੜ ਅਨੁਸਾਰ ਮੋਟਰਾਂ ਪਾਣੀ ਧੱਕਦੀਆਂ ਹਨ।ਘੱਟ ਲੋੜ ਤੇ ਇਕ ਦੋ ਮੋਟਰਾਂ ਹੀ ਚਲਦੀਆਂ ਹਨ ਪਰ ਜਿਆਦਾ ਲੋੜ ਤੇ ਜਿਆਦਾ ਮੋਟਰਾਂ ਚਲਦੀਆਂ ਹਨ। ਮੋਟਰਾਂ ਦੇ ਚਲਣ ਲਈ ਸਾਰਾ ਸਿਸਟਮ ਆਟੋਮੈਟਿਕ ਹੈ।ਜਿਵੇਂ ਜਿਵੇਂ ਪਾਣੀ ਦੀ ਲੋੜ ਵੱਧਦੀ ਜਾਂਦੀ ਹੈ ਮੋਟਰਾਂ ਦੀ ਸਟਾਰਟਿੰਗ ਆਪਣੇ ਆਪ ਹੋਈ ਜਾਂਦੀ ਹੈ ਤੇ ਜਿਵੇਂ ਜਿਵੇਂ ਪਾਣੀ ਦੀ ਲੋੜ ਘਟਦੀ ਜਾਂਦੀ ਹੈ ਮੋਟਰਾਂ ਅਪਣੇ ਆਪ ਬੰਦ ਹੋਈ ਜਾਂਦੀਆਂ ਹਨ।ਕਿਸਾਨਾਂ ਨੂੰ ਪਾਣੀ ਦਾ ਕਨੈਕਸਨ ਪਾਈਪਾਂ ਵਿਚੋਂ ਦਿਤਾ ਹੋਇਆ ਹੈ। ਪਾਣੀ ਪੂਰੇ ਪਰੈਸਰ ਨਾਲ ਚਲਦਾ ਹੈ।ਕਈ ਬਾਗਾਂ ਦੀ ਸਿੰਚਾਈ ਫੁਆਰਿਆਂ ਨਾਲ ਹੀ ਕੀਤੀ ਜਾਂਦੀ ਹੈ ਪੂਰੇ ਦੇ ਪੂਰੇ ਖੇਤ ਤੇ ਪਾਣੀ ਮੀਂਹ ਵਾਂਗ ਹੀ ਵਰ੍ਹਦਾ ਹੈ।ਮੀਟਰ ਨਾਲ ਪਾਣੀ ਦੇ ਬਿਲ ਦੀ ਅਦਾਇਗੀ ਕੀਤੀ ਜਾਂਦੀ ਹੈ।ਦਿਮਾਗ ਨਾਲ ਝਾਤ ਮਾਰਨ ਲੱਗਿਆਂ ਸਪਸਟ ਦਿਖਾਈ ਦਿੰਦਾ ਹੈ ਕਿ ਸਿਸਟਮ ਨੇ ਖੇਤਾਂ ਦੀ ਹਰਿਆਲੀ ਤੇ ਕਿਸਾਨ ਨੂੰ ਮਾਲਾ ਮਾਲ ਕੀਤਾ ਹੋਇਆ ਹੈ ਕਿਸੇ ਰੱਬ ਦੇ ਲੇਖਾਂ ਨੇ ਨਹੀਂ।
ਡੈਮ ਤੋਂ ਬਾਅਦ ਇਕ ਹੋਰ ਪੰਜਾਬੀ ਪ੍ਰੀਵਾਰ ਨੂੰ ਮਿਲਣ ਜਾ ਰਹੇ ਸੀ ਕਿ ਰਸਤੇ ਵਿਚ ਇਕ ਮੁਸਲਿਮ ਦੇਸ ਸੀਰੀਆ ਤੋਂ ਆਏ ਪ੍ਰੀਵਾਰ ਦਾ ਫਾਰਮ ਸੀ।ਪਿਆਰਾ ਸਿੰਘ ਨਾਲ ਚੰਗਾ ਮੇਲ ਜੋਲ ਰਖਦਾ ਸੀ ਉਸਦੇ ਫਾਰਮ ਤੇ ਗਏ।ਗੱਲਾਂ ਬਾਤਾਂ ਤੋਂ ਪਤਾ ਲੱਗਿਆ ਕਿ ਇਸਨੂੰ ਆਇਆਂ ਕਰੀਬ ਵੀਹ ਸਾਲ ਹੋ ਗਏ ਹਨ ਮਿਹਨਤ ਕਰਕੇ ਚੰਗੀ ਜਮੀਨ ਬਣਾ ਲਈ ਹੈ।ਇਹ ਦੋਨੋਂ ਮੀਆਂ ਬੀਵੀ ਖੇਤਾਂ ਵਿਚ ਅੰਗੂਰਾਂ ਦੀਆਂ ਵੇਲਾਂ ਦੀ ਕਟਿੰਗ ਕਰ ਰਹੇ ਸਨ।ਆਦਮੀ ਨੇ ਤਾਂ ਭਾਵੇਂ  ਖੇਤਾਂ ਵਿਚ ਕੰਮ ਕਰਨ ਵਾਲੀ ਪੈਂਟ ਕਮੀਜ ਪਾਈ ਹੋਈ ਸੀ ਪ੍ਰੰਤੂ ਜਨਾਨੀ ਉਸੇ ਤਰਾਂ੍ਹ ਕਮੀਜ ਸਲਵਾਰ ਤੇ ਸਿਰ ਦੀ ਚੂੰਨੀ ਨਾਲ ਪੂਰਾ ਮੂੰਹ ਸਿਰ ਢਕਿਆ ਹੋਇਆ ਤੇ ਸਿਰਫ ਅੱਖਾਂ ਹੀ ਨੰਗੀਆਂ ਸਨ ਪੂਰੇ ਜੀਅ ਜਾਨ ਨਾਲ ਖੇਤਾਂ ਵਿਚ ਕੰਮ ਕਰ ਰਹੇ ਸਨ।
ਜਦੋਂ ਪੰਜਾਬੀ ਪ੍ਰੀਵਾਰ ਕੋਲ ਗਏ ਉਨ੍ਹਾਂ ਦਾ ਵੱਡਾ ਲਾਣੇਦਾਰ ਜੋ ਉਮਰੋਂ ੬੦,੬੫ ਦਾ ਲਗਦਾ ਸੀ ਗੋਰੇ ਡਰਾਈਵਰ ਤੋਂ ਟਰੱਕ ਵਿਚੋਂ ਪਾਣੀ ਦਾ ਵੱਡਾ ਟੈਂਕ ਉਤਰਵਾ ਰਿਹਾ ਸੀ।ਚਾਰੋਂ ਨੂੰਹ ਪੁੱਤਰ ਇਕ ਵੱਡੇ ਸੈਡ ਜਿਸ ਵਿਚ ਸੰਤਰੇ ਪੈਕ ਕਰਨ ਦਾ ਕਾਰਖਾਨਾ ਲੱਗਾ ਹੋਇਆ ਸੀ ਵਿਚ ਕੰਮ ਕਰ ਰਹੇ ਸਨ।ਇਰਦ ਗਿਰਦ ਦੇ ਖੇਤਾਂ ਵਿਚ ਸੰਤਰਿਆਂ ਦੇ ਬਾਗ ਧਰਤੀ ਦੀ ਹਿੱਕ ਨੂੰ ਪੂਰੀ ਤਰ੍ਹਾਂ ਢਕੀ ਖੜੇ ਸਨ।ਸੰਤਰਾ ਤੋੜ ਕੇ ਸੈਡ ਵਿਚ ਲਿਆਂਦਾ ਜਾ ਰਿਹਾ ਸੀ ਤੇ ਸੰਤਰੇ ਦੀ ਪੈਕਿੰਗ ਗੱਤੇ ਦੇ ਡੱਬਿਆਂ ਵਿਚ ਕੀਤੀ ਜਾ ਰਹੀ ਸੀ।ਚਾਰੋਂ ਬੰਦੇ ਕਾਰਖਾਨੇ ਦੀ ਦੇਖ ਰੇਖ ਕਰ ਰਹੇ ਸਨ। ਪੈਕਿੰਗ ਦਾ ਸਾਰਾ ਕੰਮ ਆਟੋਮੈਟਿਕ ਸੀ।ਜਮੀਨ ਤੋਂ ਕਰੀਬ ਚਾਰ ਫੁੱਟ ਉੱਚੀ ਦੋ ਫੁੱਟ ਚੌੜੀ ਰਬੜ ਦੀ ਬੈਲ਼ਟ ਚੱਲ ਰਹੀ ਸੀ।ਬੈਲਟ ਅਪਣੇ ਆਪ ਸੰਤਰੇ ਚੁੱਕ ਰਹੀ ਸੀ ਤੇ ਅੱਗੇ ਜਾਈ ਜਾ ਰਹੇ ਸਨ।ਬੈਲਟ ਦੇ ਦੋਨੋਂ ਪਾਸੇ ਦੋਨੋਂ ਜਨਾਨੀਆਂ ਖੜੀਆਂ ਸਨ ਜੋ ਕਿ ਖਰਾਬ ਸੰਤਰੇ ਨੂੰ ਫੜ ਕੇ ਬਾਹਰ ਛੁਟਦੀਆਂ ਸਨ।ਬਾਕੀ ਸਾਰਾ ਕੰੰਮ ਬੈਲ਼ਟ ਤੇ ਮਸੀਨ ਨੇ ਕਰਨਾ ਸੀ।ਬੈਲਟ ਤੇ ਚਲਦਿਆਂ ਹੀ ਸੰਤਰੇ ਦਵਾਈ ਵਾਲੇ ਪਾਣੀ ਨਾਲ ਧੋਤੇ ਜਾਂਦੇ ਸੀ ਤੇ ਹਵਾ ਦੇ ਪਰੈਸਰ ਨਾਲ ਸੁਕਾਏ ਜਾਂਦੇ ਸੀ।ਛੋਟੇ ਵੱਡੇ ਦੀ ਛਾਂਟੀ ਦਾ ਕੰਮ ਵੀ ਮਸੀਨ ਹੀ ਕਰਦੀ ਸੀ।ਸੰਤਰਾ ਅਪਣੇ ਆਪ ਗੱਤੇ ਦੀਆਂ ਟਰੇਆਂ ਵਿਚ ਸੈਟ ਹੋ ਰਿਹਾ ਸੀ ਤੇ ਟਰੇਅ ਗੱਤੇ ਦੇ ਡੱਬਿਆਂ ਵਿਚ ਪੈਕ ਹੋਈ ਜਾ ਰਹੀ ਸੀ।ਦੋਨੋਂ ਆਦਮੀਆਂ ਦਾ ਕੰਮ ਬਾਹਰੋਂ ਸੰਤਰਾ ਮਸੀਨ ਕੋਲ ਰਖਣਾ ਤੇ ਪੈਕ ਹੋਏ ਬਕਸਿਆਂ ਨੂੰ ਇਕ ਪਾਸੇ ਕਰਨਾ ਸੀ।ਕੰਮ ਕਰ ਰਹੇ ਇਹ ਚਾਰੋਂ ਜੀਅ ਇੰਨੀ ਖੁਸੀ ਤੇ ਹੌਂਸਲੇ ਨਾਲ ਕੰਮ ਕਰ ਰਹੇ ਸੀ ਜਿਵੇਂ ਭੰਗੜਾ ਤੇ ਗਿੱਧਾ ਪਾਉਂਦੇ ਫਿਰ ਰਹੇ ਹੋਣ। ਇਕ ਮੁੰਡੇ ਨੇ ਮੇਰੇ ਕੋਲ ਆਕੇ ਹੌਲੀ ਦੇ ਕੇ ਕਿਹਾ "ਅੰਕਲ ਚਾਹ ਪਾਣੀ ਤਾਂ ਡੈਡੀ ਪਿਲਾਉਣਗੇ,ਮੈਂ ਦਾਰੂ ਲੈ ਆਵਾਂ,ਘਰ ਦੀ ਕੱਢੀ ਹੋਈ ਹੈ,ਬਹੁਤ ਹੀ ਵਧੀਆ ਸਰਾਬ ਹੈ"।"ਨਾ ਬੇਟਾ ਬਹੁਤ ਬਹੁਤ ਧੰਨਵਾਦ,ਤੁਸੀਂ ਕੰਮ ਕਰੋ ਡਟ ਕੇ"। ਮੇਰੇ ਮਨ ਨੁੰ ਉਸ ਵੇਲੇ ਖੁਸੀ ਦੀ ਕੋਈ ਹੱਦ ਨਾ ਰਹੀ ਜਦੋਂ ਬਕਸਿਆਂ ਉਪਰ "ਸਿੰਘ ਏਪਲ" ਦਾ ਪ੍ਰਿੰਟ ਪੜ੍ਹਿਆ।ਕਿੱਥੋਂ ਤੱਕ ਪਹੁੰਚ ਗਏ ਸਾਡੇ ਪੰਜਾਬੀ ਲੋਕ।ਆਸਟ੍ਰੇਲੀਆ ਦੀ ਮੰਡੀ ਵਿਚ ਸੰਤਰਾ ਵੇਚਦੇ ਸਿੱਖੀ ਦਾ ਨਾਮ ਵੀ ਵੰਡ ਰਹੇ ਹਨ।ਘਰ ਜੋ ਕਿ ਪੈਕਿੰਗ ਪਲਾਂਟ ਦੇ ਨਾਲ ਹੀ ਸੀ ਬੈਠਕੇ ਚਾਹ ਪਾਣੀ ਪੀਤਾ ਤੇ ਗੱਲਾਂ ਬਾਤਾਂ ਕਰਦੇ ਰਹੇ।ਮੈਂ ਪਹਿਲੀ ਵਾਰ ਮੁਲਕ ਦੀ ਲੇਬਰ ਪਾਰਟੀ ਦੀ ਭਰਵੀਂ ਵਿਰੋਧਤਾ ਸੁਣੀ ਜਦੋਂ ਕਿ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਹੀ ਪਹਿਲਾਂ ਤੋਂ ਚਲੀ ਆ ਰਹੀ ਵਾਈਟ ਪੌਲਿਸੀ ਨੂੰ ਤੋੜਕੇ ਕਾਲੇ ਭੁਰੇ ਲੋਕਾਂ ਨੂੰ ਆਸਟ੍ਰੇਲੀਆ ਵਿਚ ਆਉਣ ਦੀ ਇਜਾਜਤ ਦਿਤੀ ਸੀ।ਇਸ ਵਿਰੋਧ ਦਾ ਕਾਰਣ ਜਾਨਣ ਲਈ ਮੈਂ ਗੱਲ ਅੱਗੇ ਵਧਾਈ ਜਬਾਬ ਵਿਚ ਪੂਰੀ ਜਾਨ ਸੀ ਕਿ ਪਿਛਲੀ ਵਾਰ ਲੇਬਰ ਪਾਰਟੀ ਨੇ ਆਪਣੀ ਹਕੂਮਤ ਵੇਲੇ ਆਰਥਿਕ ਮੰਦੀ ਦਰਮਿਆਨ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਮੁਫਤ ਪੈਸਾ ਵੰਡਕੇ ਮੁਲਕ ਦੀ ਤਰੱਕੀ ਰੋਕ ਦਿਤੀ ਸੀ।ਸਹਿਰ ਬ੍ਰਿਸ਼ਬੇਨ ਲਾਗੇ ਮੁਰ੍ਹੇ ਦਰਿਆ ਉਪਰ ਬਨਣ ਵਾਲਾ ਡੈਮ ਜਿਸ ਨਾਲ ਮੁਲਕ ਦੇ ਕਿੰਨੇ ਵੱਡੇ ਹਿੱਸੇ ਨੂੰ ਪਾਣੀ ਮਿਲਣਾ ਸੀ ਨੂੰ ਰੋਕਕੇ ਪੈਸਾ ਮੁਫਤ ਵੰਡ ਦਿਤਾ ਗਿਆ ਜਿਸ ਕਰਕੇ ਸਾਡਾ ਭਵਿੱਖ ਕਿੰਨਾ ਪਿੱਛੇ ਚਲਾ ਗਿਆ।ਗੱਲਾਂ ਬਾਤਾਂ ਤੋਂ ਬਾਅਦ ਵਿਦਾਇਗੀ ਲੈਕੇ ਅਸੀਂ ਮੁੜ ਪਿਆਰਾ ਸਿੰਘ ਦੇ ਘਰ ਆ ਗਏ।ਰਾਤ ਨੂੰ ਸਾਰੇ ਦਿਨ ਦੀਆਂ ਗੱਲਾਂ ਹੁੰਦੀਆਂ ਰਹੀਆਂ। ਸੁਭਾ ਹੁੰਦਿਆਂ ਪਿਆਰਾ ਸਿੰਘ ਸਾਨੂੰ ਰੇਨ ਮਾਰਕ ਬੱਸ ਅੱਡੇ ਤੇ ਉਤਾਰ ਗਿਆ। ਗਿਆਨੀ ਜੀ ਨੇ ਹਾਲੇ ਕੁੱਝ ਦਿਨ ਹੋਰ ਰੇਨ ਮਾਰਕ ਰੁਕਣਾ ਸੀ ਇਸ ਲਈ ਮੈਂ ਇਕੱਲਾ ਐਡੀਲੇਡ ਵਾਲੀ ਬੱਸ ਵਿਚ ਸਵਾਰ ਹੋ ਗਿਆ।
ਸਵੇਰ ਦਾ ਸਮਾਂ ਸੀ,ਬੱਸ ਵਿਚ ਬੁੱਢੇ ਬੁੱਢੀਆਂ ਤੇ ਬੱਚੇ ਹੀ ਸਵਾਰ ਸਨ।ਕੋਈ ਵੀ ਜਵਾਨ ਉਮਰ ਦੀ ਸਵਾਰੀ ਨਹੀਂ ਸੀ।ਸਕੂਲੀ ਬੱਚੇ ਆਪਣਾ ਸਕੂਲ ਆਉਣ ਤੇ ਉਤਰੀ ਜਾ ਰਹੇ ਸਨ।ਰਸਤੇ ਵਿਚ ਚਾਹ ਪਾਣੀ ਪੀਕੇ ਬੱਸ ਐਡੀਲੇਡ ਪਹੁੰਚ ਗਈ।
ਐਡੀਲੇਡ ਮੈਂਨੂੰ ਗੁਰਪਰੀਤ ਉਡੀਕ ਹੀ ਰਿਹਾ ਸੀ।ਮੇਰੀ ਸਿਡਨੀ ਦੀ ਫਲਾਈਟ ਵਿਚ ਹਾਲੇ ਚਾਰ ਘੰਟੇ ਬਾਕੀ ਸਨ। ਬੱਸ ਅੱਡੇ ਤੋਂ ਲੈਕੇ ਘਰ ਚਲਾ ਗਿਆ।ਗੁਰਪਰੀਤ ਦਾ ਪ੍ਰੀਵਾਰ ਵੀ ਕਿਤੇ ਬਾਹਰ ਜਾਣ ਲਈ ਤਿਆਰ ਖੜਾ ਸੀ।ਮੈਂਨੂੰ ਦੱਸਿਆ ਗਿਆ ਕਿ ਅੱਜ ਰੱਖੜੀ ਦਾ ਤਿਉਹਾਰ ਹੈ,ਮੈਂ ਆਪਣੀ ਬਣਾਈ ਹੋਈ ਭੈਣ ਕੋਲੋਂ ਰੱਖੜੀ ਬਨਾਉਣ ਜਾਣਾ ਹੈ।ਅਗਰ ਤੁਸੀਂ ਚਾਹੋ ਸਾਡੇ ਨਾਲ ਜਾ ਸਕਦੇ ਹੋ,ਵੈਸੇ ਵੀ ਉਹ ਕੁੜੀ ਤੁਹਾਡੇ ਸਹੁਰਿਆਂ ਪਿੰਡ ਘਨੌਰ ਤੋਂ ਹੈ।ਸਹੁਰਿਆਂ ਦੇ ਪਿੰਡ ਦਾ ਨਾਉਂ ਸੁਣਕੇ ਮੇਰੇ ਵੀ ਕੰਨ ਖੜੇ ਹੋ ਗਏ ਅਤੇ ਜਾਣ ਲਈ ਤਿਆਰ ਹੋ ਗਿਆ। ਕੁੜੀ ਦੇ ਘਰ ਜਾਣ ਤੋਂ ਪਹਿਲਾਂ ਹੀ ਮੇਰੇ ਬਾਰੇ ਦੱਸ ਦਿਤਾ ਗਿਆ ਸੀ। ਕੁੜੀ ਪੂਰੇ ਜੋਸ ਨਾਲ ਸਾਡੇ ਸਵਾਗਤ ਲਈ ਤਿਆਰ ਖੜੀ ਸੀ।ਭਰਾ ਦੇ ਰੱਖੜੀ ਬੰਨਣ ਦਾ ਜੋਸ ਠਾਠਾਂ ਮਾਰ ਰਿਹਾ ਸੀ ਤੇ ਮੈਂਨੂੰ ਵੀ ਗੱਜਕੇ "ਫੁੱਫੜ ਜੀ ਸਤਿਸ੍ਰੀਅਕਾਲ"ਬੁਲਾਈ।ਬੈਠਦਿਆਂ ਹੀ ਚਾਹ ਪਾਣੀ ਪੀਤਾ ਗੱਲ਼ਾ ਬਾਤਾਂ ਹੋਈਆਂ ਮਨ ਨੁੰ ਬਹੁਤ ਹੀ ਖੁਸ਼ੀ ਹੋਈ।ਸਾਡੇ ਰਸਮੋਂ ਰਿਵਾਜ ਸਾਡੇ ਮਨਾਂ ਚੋਂ ਨਹੀਂ ਨਿਕਲ ਸਕਦੇ।ਸਮੇਂ ਦੀ ਘਾਟ ਕਰਕੇ ਕੁੜੀ ਕੋਲੋਂ ਵਿਦਾਇਗੀ ਲਈ ਵਾਪਸ ਘਰ ਆ ਗਏ ਤੇ ਘਰੋਂ ਏਅਰ ਪੋਰਟ ਨੂੰ ਚੱਲ ਪਏ। ਗੁਰਪਰੀਤ ਪੂਰੀ ਅਪਣੱਤ ਨਾਲ ਮੈਂਨੂੰ ਬੱਸ ਅੱਡੇ ਤੇ ਛੱਡ ਗਿਆ।ਜਹਾਜ ਦਾ ਸਫਰ ਕਰੀਬ ਦੋ ਘੰਟਿਆਂ ਦਾ ਸੀ।ਜਹਾਜ ਦੇ ਤੁਰਨ ਤੋਂ ਬਾਅਦ ਅੰਦਰ ਚਾਹ ਪਾਣੀ ਤੇ ਵਿਸਕੀ ਵਿਕਣੀ ਸੁਰੂ ਹੋ ਗਈ।ਮੇਰੀ ਸੀਟ ਦੇ ਦੋਨੋਂ ਪਾਸੇ ਦੋ ਗੋਰੀਆਂ ਕੁੜੀਆਂ ਬੈਠੀਆਂ ਸਨ।ਇਕ ਆਪਣੀ ਕਿਤਾਬ ਵਿਚ ਮਸਤ ਸੀ ਤੇ ਦੂਜੀ ਨੇ ਵਿਸਕੀ ਦਾ ਅੱਧਾ ਤੇ ਨਮਕੀਨ ਲ਼ੈ ਕੇ ਪੀਣੀ ਸੁਰੂ ਕਰ ਦਿਤੀ। ਪੀਣ ਤੋਂ ਪਹਿਲਾਂ ਬਹੁਤ ਹੀ ਸਲੀਕੇ ਨਾਲ ਕੁੜੀ ਨੇ ਮੈਂਨੂੰ ਸੁਲਹ ਮਾਰੀ ਤੇ ਮੈਂ ਥੈਂਕਯੂ ਕਹਿ ਦਿਤਾ।ਸਫਰ ਤੋਂ ਬਾਅਦ ਮੇਰਾ ਲੜਕਾ ਮੈਂਨੂੰ ਹਵਾਈ ਅੱਡੇ ਤੇ ਲੈਣ ਆਇਆ ਹੋਇਆ ਸੀ ਤੇ ਅਸੀਂ ਘਰ ਪਹੁੰਚ ਗਏ।
 
ਨਿਰਮਲ ਸਿੰਘ ਨੋਕਵਾਲ
ਫੋਨ- 0469719854 


Viewers  302
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved